ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੱਠ ਲੱਗਣਾ-ਢਹਿ ਜਾਣਾ, ਹਾਰ ਜਾਣਾ।
ਪਿੜ ਪੱਲੇ ਕੁਝ ਨਾ ਹੋਣਾ-ਬੇਸਮਝ ਹੋਣਾ।
ਪੀ ਜਾਣਾ-ਸਹਿ ਜਾਣਾ, ਸਹਾਰ ਜਾਣਾ, ਗੁੱਸਾ ਮਾਰ ਲੈਣਾ।
ਪੀਰ ਹੋ ਕੇ ਟੱਕਰਨਾ-ਉਸਤਾਦ ਹੋ ਕੇ ਟੱਕਰਨਾ, ਨਹਿਲੇ ਤੇ ਦਹਿਲਾ ਮਾਰਨਾ।
ਪੁਆੜਾ ਪਾਉਣਾ-ਲੜਾਈ ਝਗੜਾ ਕਰਨਾ, ਮੁਸੀਬਤ ਖੜ੍ਹੀ ਕਰ ਦੇਣੀ।
ਪੁੱਠਾ ਕਰਕੇ ਟੰਗਣਾ-ਕਰੜੀ ਸਜ਼ਾ ਦੇਣੀ।
ਪੁੱਠੀ ਖਲ ਲਾਹੁਣੀ-ਅਸਹਿ ਤਸੀਹੇ ਦੇਣੇ।
ਪੁੱਠੀਆਂ ਛਾਲ਼ਾਂ ਮਾਰਨੀਆਂ-ਬਹੁਤ ਖ਼ੁਸ਼ ਹੋਣਾ।
ਪੁਣ ਛਾਣ ਕਰਨਾ-ਘੋਖ ਕਰਨੀ, ਪੜਤਾਲ ਕਰਨੀ।
ਪੁੱਤਰ ਦੇਣਾ-ਝੂਠੇ ਇਕਰਾਰ ਕਰੀ ਜਾਣੇ, ਪਰ ਕੋਈ ਇਕਰਾਰ ਪੂਰਾ ਨਾ ਕਰਨਾ।
ਪੁਰਾਣੇ ਫੋਲਣੇ ਫੋਲਣਾ-ਭੁੱਲੀਆਂ ਵਿਸਰੀਆਂ ਦੁੱਖਦਾਈ ਗੱਲਾਂ ਚੇਤੇ ਕਰਨੀਆਂ।
ਪੁੜਪੁੜੀਆਂ ਗਰਮ ਹੋਣਾ-ਡੂੰਘੀ ਤੇ ਲੰਬੀ ਸੋਚ ਵਿਚਾਰ ਕਰਨੀ।
ਪੂਰਾ ਉਤਰਨਾ-ਆਪਣਾ ਵਾਅਦਾ ਪੂਰਾ ਕਰਨਾ, ਦੂਜੇ ਦੀ ਤਸੱਲੀ ਕਰਵਾ ਦੇਣੀ।
ਪੂਰੀਆਂ ਪਾਉਣਾ-ਕੋਈ ਵੀ ਕੰਮ ਸਿਰੇ ਨਾ ਚਾੜ੍ਹਨਾ, ਨਿਕੰਮਾ ਹੋਣਾ।
ਪੇਸ਼ ਨਾ ਜਾਣੀ-ਇੱਛਾ ਪੂਰੀ ਨਾ ਹੋਣੀ, ਦਾਲ਼ ਨਾ ਗਲ਼ਣੀ, ਸਾਰੇ ਯਤਨ ਫੇਲ੍ਹ ਹੋ ਜਾਣੇ।
ਪੇਸ਼ ਪੈ ਜਾਣਾ-ਨਿੱਕੀ ਨਿੱਕੀ ਗੱਲ ’ਤੇ ਘੂਰਨਾ, ਨੁਕਸ ਛਾਂਟਣੇ, ਦੁਖੀ ਕਰਨਾ, ਪਿੱਛੇ ਲੱਗ ਜਾਣਾ।
ਪੈਸਾ ਗੁਰ ਪੀਰ ਹੋਣਾ-ਪੈਸੇ ਖ਼ਾਤਰ ਹਰ ਤਰ੍ਹਾਂ ਦੀ ਗੁਲਾਮੀ ਕਰਨੀ।
ਪੈਂਤੜਾ ਬਦਲਣਾ-ਆਪਣੀ ਥਾਂ ਬਦਲ ਲੈਣਾ, ਨਵੀਂ ਚਾਲ ਚਲਣੀ, ਚਲਾਕੀ ਵਾਲੀ ਨਵੀਂ ਖੇਡ ਖੇਡਣੀ
ਪੈਰ ਉਖੜਨੇ-ਟਿਕ ਨਾ ਸਕਣਾ, ਸਫਲਤਾ ਪ੍ਰਾਪਤ ਨਾ ਹੋਣੀ, ਹਾਰ ਕੇ ਦੌੜ ਜਾਣਾ।
ਪੈਰ ਅੜਾਉਣਾ-ਦਖ਼ਲ ਅੰਦਾਜ਼ੀ ਕਰਨੀ, ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਨੀ, ਨਿੱਕਾ ਮੋਟਾ ਕੰਮ ਕਰਨਾ।
ਪੈਰ ਚੁੰਮਣਾ-ਆਦਰ ਸਤਿਕਾਰ ਕਰਨਾ, ਖ਼ੁਸ਼ਾਮਦ ਕਰਨੀ, ਨਿਮਰਤਾ ਨਾਲ ਗੱਲ ਕਰਨੀ।

ਲੋਕ ਸਿਆਣਪਾਂ/250