ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/253

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਰ ਟਿਕਣੇ-ਕੰਮ ਕਾਰ ਵਿੱਚ ਸਥਿਰਤਾ ਆ ਜਾਣੀ, ਕੰਮ ਚੱਲ ਪੈਣਾ, ਮੁਕਾਬਲੇ ਵਿੱਚ ਖੜੋ ਜਾਣਾ।
ਪੈਰ ਧਰਤੀ ’ਤੇ ਨਾ ਲੱਗਣੇ-ਖੁਸ਼ੀਆਂ ਵਿੱਚ ਉੱਡਦੇ ਫਿਰਨਾ, ਬਹੁਤ ਖੁਸ਼ੀ ਹੋਣੀ।
ਪੈਰ ਧੋ ਧੋ ਕੇ ਪੀਣਾ-ਆਦਰ ਸਤਿਕਾਰ ਕਰਨਾ।
ਪੈਰ ਪਸਾਰਨਾ-ਕਬਜ਼ਾ ਕਰਨ ਦਾ ਯਤਨ ਕਰਨਾ, ਬਹੁਤੀ ਥਾਂ ਮੱਲਣੀ।
ਪੈਰ ਫੂਕ ਫੂਕ ਕੇ ਧਰਨਾ-ਬਹੁਤ ਹੀ ਸੁਚੇਤ ਹੋ ਕੇ ਕੋਈ ਕੰਮ ਕਰਨਾ।
ਪੈਰ ਭਾਰੇ ਹੋਣਾ-ਇਸਤਰੀ ਦਾ ਗਰਭਵਤੀ ਹੋ ਜਾਣਾ।
ਪੈਰਾਂ ਹੇਠ ਹੱਥ ਰੱਖਣੇ-ਬਹੁਤ ਹੀ ਇੱਜ਼ਤ ਮਾਣ ਕਰਨਾ, ਹੱਥੀਂ ਛਾਵਾਂ ਕਰਨੀਆਂ।
ਪੈਰਾਂ ਹੇਠੋਂ ਧਰਤੀ ਖਿਸਕ ਜਾਣਾ-ਕੋਈ ਮਾੜੀ ਖ਼ਬਰ ਸੁਣ ਕੇ ਘਬਰਾ ਜਾਣਾ, ਹੋਸ਼ ਉੱਡ ਜਾਣੇ।
ਪੈਰਾਂ ਥੱਲੇ ਤਲ਼ੀਆਂ ਰੱਖਣਾ-ਬਹੁਤ ਇੱਜ਼ਤ ਕਰਨੀ।
ਪੈਰਾਂ 'ਤੇ ਪਾਣੀ ਨਾ ਪੈਣ ਦੇਣਾ-ਆਪਣਾ ਕਸੂਰ ਨਾ ਮੰਨਣਾ, ਕਸੂਰਵਾਰ ਹੁੰਦੇ ਹੋਏ ਵੀ ਕਸੂਰ ਨਾ ਮੰਨਣਾ।
ਪੈਰਾਂ ਤੋਂ ਮਹਿੰਦੀ ਲਾਹੁਣੀ-ਨਖਰੇ ਕਰਨੇ, ਆਕੜ ਵਿਖਾਉਣੀ।
ਪੈਰੋਂ ਕੱਢ ਦੇਣਾ-ਗੱਲਾਂ ਬਾਤਾਂ ’ਚ ਕਸੂਰ ਮੰਨਵਾ ਲੈਣਾ, ਆਕੜ ਕੱਢ ਦੇਣੀ, ਹਰਾ ਦੇਣਾ।
ਪੋਟਾ ਪੋਟਾ ਦੁਖੀ ਹੋਣਾ-ਬਹੁਤ ਦੁਖੀ ਹੋਣਾ, ਇਕ ਪਲ ਲਈ ਵੀ ਸੁੱਖ ਦਾ ਸਾਹ ਨਾ ਆਉਣਾ।
ਪੋਟੇ ਭੰਨ ਭੰਨ ਪਾਲਣਾ-ਬਹੁਤ ਔਖਿਆਈ ਨਾਲ਼ ਪਾਲਣਾ ਕਰਨੀ, ਜਫਰ ਜਾਲ਼ ਕੇ ਪਾਲਣਾ।
ਪੋਲ ਖੁੱਲ੍ਹ ਜਾਣਾ-ਅਸਲੀਅਤ ਜ਼ਾਹਰ ਹੋ ਜਾਣੀ, ਭੇਤ ਦਾ ਪਤਾ ਲੱਗ ਜਾਣਾ।
ਪੌਂ ਬਾਰਾਂ ਹੋਣੀਆਂ-ਮੌਜਾਂ ਲੱਗ ਜਾਣੀਆਂ।
ਪੰਜ ਪਕਾਣਾ ਦਸ ਖਾਣਾ-ਆਪਣੇ ਆਪ ਹੀ ਨਬੇੜਾ ਕਰਨਾ, ਮਨਮਰਜ਼ੀ ਕਰਨੀ।
ਪੰਜੇ ਐਬ ਸ਼ਰੱਈ ਹੋਣਾ-ਛਟਿਆ ਹੋਇਆ ਬਦਮਾਸ਼ ਜੋ ਹਰ ਪ੍ਰਕਾਰ ਦਾ ਐਬੀ ਹੋਵੇ।
ਪੰਜੇ ਵਿੱਚੋਂ ਕੱਢਣਾ-ਦੁੱਖਾਂ ਤਕਲੀਫ਼ਾਂ ਤੋਂ ਨਜ਼ਾਤ ਦਿਵਾਉਣੀ।
ਪੰਡ ਚੁੱਕਣਾ-ਜੁੰਮੇਵਾਰੀ ਓਟਣੀ।

ਲੋਕ ਸਿਆਣਪਾਂ/251