ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੂਣ ਹਰਾਮ ਕਰਨਾ-ਕੀਤੇ ਨੂੰ ਭੁਲਾ ਦੇਣਾ, ਅਕਿਰਤਘਣ ਹੋਣਾ।
ਲੂਣ ਤੋਲਣਾ-ਝੂਠ ਤੇ ਕੁਫ਼ਰ ਤੋਲਣਾ, ਵਧਾ ਚੜ੍ਹਾ ਕੇ ਗੱਲ ਕਰਨੀ।
ਲੂਣ ਮਿਰਚ ਲਗਾਉਣਾ-ਵਧਾ ਚੜ੍ਹਾ ਕੇ ਗੱਲ ਕਰਨੀ।
ਲੇਖ ਸੜ ਜਾਣੇ-ਕਿਸਮਤ ਨੇ ਸਾਥ ਨਾ ਦੇਣਾ, ਕਾਰ ਵਿਹਾਰ ਵਿੱਚ ਘਾਟਾ ਪੈ ਜਾਣਾ, ਬਦਕਿਸਮਤੀ ਦਾ ਚੱਕਰ ਚੱਲ ਪੈਣਾ।
ਲੇਖਾ ਨਿਬੇੜਨਾ-ਹਿਸਾਬ ਕਿਤਾਬ ਕਰ ਦੇਣਾ, ਲੈਣ ਦੇਣ ਪੂਰਾ ਕਰ ਦੇਣਾ, ਬਦਲਾ ਲੈਣਾ।
ਲੇਡਾ ਫੁੱਲ ਜਾਣਾ-ਆਕੜ ਜਾਣਾ।
ਲੈਣੇ ਦੇ ਦੇਣੇ ਪੈ ਜਾਣੇ-ਲਾਭ ਦੀ ਥਾਂ ਹਾਨੀ ਹੋਣੀ।
ਲੋਈ ਲਾਹੁਣਾ-ਬੇਸ਼ਰਮ ਹੋ ਜਾਣਾ, ਕੋਈ ਸ਼ਰਮ ਹਯਾ ਨਾ ਰੱਖਣੀ।
ਲੋਹੜਾ ਆ ਜਾਣਾ-ਅਤਿ ਭੈੜਾ ਤੇ ਅਨੋਖਾ ਕੰਮ ਹੋ ਜਾਣਾ।
ਲੋਹਾ ਮੰਨਣਾ-ਕਿਸੇ ਦੀ ਲਿਆਕਤ ਦੇ ਪ੍ਰਭਾਵ ਹੇਠ ਆਉਣਾ, ਸ਼ਕਤੀ ਅੱਗੇ ਸਿਰ ਝੁਕਾਉਣਾ।
ਲੋਹਾ ਲਾਖ਼ਾ ਹੋਣਾ-ਬਹੁਤ ਗੁੱਸੇ ਹੋਣਾ।
ਲੋਹੇ ਨੂੰ ਹੱਥ ਪਾਉਣਾ-ਤਲਵਾਰਾਂ ਨਾਲ ਲੜਾਈ ਕਰਨੀ।
ਲੋਹੇ ਦੇ ਚਣੇ ਚਬਾਉਣਾ-ਔਖਾ ਕੰਮ ਕਰਨਾ ਪੈਣਾ, ਔਖ ਪੇਸ਼ ਆਉਣੀ।
ਲੋਹੇ ਦਾ ਥਣ ਹੋਣਾ-ਬਹੁਤ ਕੰਜੂਸ ਹੋਣਾ, ਪੱਥਰ ਦਿਲ ਹੋ ਜਾਣਾ, ਹੱਥੋਂ ਕੁਝ ਨਾ ਦੇਣਾ।
ਲੰਗ ਮਾਰਨਾ-ਲੰਗੜਾ ਕੇ ਤੁਰਨਾ।
ਲੰਗਰ ਲਾਣਾ-ਖੁੱਲਾ ਵੰਡਣਾ, ਦਿਲ ਖੋਲ੍ਹ ਕੇ ਵੰਡਣਾ, ਆਮ ਲੋਕਾਂ ਨੂੰ ਪ੍ਰਸ਼ਾਦੇ ਛਕਾਉਣੇ।
ਲੰਗਰ ਲੰਗੋਟੇ ਕੱਸਣੇ-ਪੂਰੇ ਜ਼ੋਰ ਸ਼ੋਰ ਨਾਲ ਤਿਆਰੀ 'ਚ ਜੁੱਟ ਜਾਣਾ।
ਲੰਮੀ ਡੋਰ ਦੇਣਾ-ਬਹੁਤ ਖੁੱਲ੍ਹ ਦੇਣੀ।
ਲੰਮੀਆਂ ਤਾਣ ਕੇ ਸੌਣਾ-ਨਿਸ਼ਚਿੰਤ ਹੋ ਕੇ ਨੀਂਦ ਕੱਢਣੀ, ਬੇ-ਪਰਵਾਹ ਹੋ ਜਾਣਾ।
ਲੰਮੇ ਚਾਲੇ ਪਾਉਣਾ-ਮਰ ਜਾਣਾ।
ਲੂੰ ਕੰਡੇ ਖੜੇ ਹੋਣਾ-ਜੋਸ਼ ਜਾਂ ਡਰ ਨਾਲ਼ ਸਰੀਰ ਦੇ ਰੋਮ ਖੜੇ ਹੋ ਜਾਣੇ।

ਲੋਕ ਸਿਆਣਪਾਂ/269