ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀਆਂ ਜੁੱਤੀਆਂ ਆਪਣਾ ਸਿਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੇ ਸਾਧਨਾਂ ਜਾਂ ਅਮਲਾਂ ਰਾਹੀਂ ਆਪਣਾ ਹੀ ਨੁਕਸਾਨ ਕਰੇ।

ਆਪਣੀਆਂ ਨਾ ਦੱਸੀਏ, ਪਰਾਈਆਂ ਕਰ ਕਰ ਹੱਸੀਏ——ਜਦੋਂ ਕੋਈ ਬੰਦਾ ਆਪਣੇ ਔਗੁਣਾਂ ਨੂੰ ਭੁਲਾ ਕੇ ਦੂਜੇ ਦੇ ਔਗੁਣਾਂ ਦੀ ਚਰਚਾ ਕਰਕੇ ਚਾਂਭੜਾਂ ਪਾਉਂਦਾ ਹੈ ਉਦੋਂ ਇਹ ਅਖਾਣ ਬੋਲਦੇ ਹਨ।

ਆਪਣੀਆਂ ਮੈਂ ਕੱਛੇ ਮਾਰਾਂ ਬੈਠ ਪਰਾਈਆਂ ਫੋਲਾਂ——ਇਸ ਅਖਾਣ ਦਾ ਭਾਵ ਅਰਥ ਵੀ ਉਪਰੋਕਤ ਅਖਾਣ ਨਾਲ ਮਿਲਦਾ ਹੈ, ਭਾਵ ਇਹ ਕਿ ਜਦੋਂ ਕੋਈ ਆਪਣੇ ਐਬਾਂ ਜਾਂ ਊਣਤਾਈਆਂ ਨੂੰ ਭੁਲਾ ਕੇ ਦੂਜੇ ਦੇ ਐਬਾਂ ਦੀ ਭੰਡੀ ਕਰਦਾ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਆਪਣੇ ਘਰ ਹਰ ਕੋਈ ਬਾਦਸ਼ਾਹ ਹੈ——ਹਰ ਬੰਦਾ ਆਪਣੇ ਘਰ ਵਿੱਚ ਆਪਣੀ ਮਰਜ਼ੀ ਨਾਲ ਵਿਚਰਦਾ ਹੈ। ਉਸ ਨੂੰ ਆਪਣੇ ਘਰ 'ਚ ਪੂਰੇ ਅਧਿਕਾਰ ਹੁੰਦੇ ਹਨ।

ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਦੇ ਘਰ ਲੱਗੇ ਤਾਂ ਬਸੰਤਰ ਦੇਵਤਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਦੂਜੇ ਦੇ ਹੋਏ ਨੁਕਸਾਨ 'ਤੇ ਤਾਂ ਖੁਸ਼ ਹੋਵੇ ਪ੍ਰੰਤੂ ਜਦੋਂ ਉਸ ਦਾ ਇਹੋ ਨੁਕਸਾਨ ਹੋ ਜਾਵੇ ਤਾਂ ਮਾੜਾ ਸਮਝੇ ਅਤੇ ਦੁਖ ਪ੍ਰਗਟਾਵੇ।

ਆਪਣੇ ਪਕਾਈਂ ਨਾ ਸਾਡੇ ਆਈਂ ਨਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦੂਜੇ ਦਾ ਨਾ ਆਪ ਕੰਮ ਕਰੇ ਤੇ ਨਾ ਉਸ ਨੂੰ ਕਰਨ ਦੇਵੇ, ਲਾਰੇ ਲੱਪੇ ਲਾਈ ਜਾਵੇ।

ਆਪਣੇ ਨੈਣ ਮੈਨੂੰ ਦੇ ਦੇ, ਤੂੰ ਮਟਕਾਉਂਦੀ ਫਿਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਚਲਾਕ ਬੰਦਾ ਦੂਜੇ ਦੀ ਅਤਿ ਜ਼ਰੂਰੀ ਚੀਜ਼ ਮੰਗਣ ਜਾਂ ਲੈਣ ਦਾ ਯਤਨ ਕਰੇ।

ਆਪਣੇ ਮਨ ਤੋਂ ਜਾਣੀਏਂ, ਅਗਲੇ ਦੇ ਮਨ ਦੀ ਬਾਤ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਅਸੀਂ ਜਿਹੋ ਜਿਹੀ ਭਾਵਨਾ ਨਾਲ਼ ਦੂਜੇ ਬਾਰੇ ਸੋਚਾਂਗੇ ਉਹ ਵੀ ਸਾਡੇ ਬਾਰੇ ਉਹੋ ਭਾਵਨਾ ਚਿਤਵੇਗਾ, ਜਿਹੋ ਜਿਹੀ ਅਸੀਂ ਉਸ ਬਾਰੇ ਚਿਤਵੀ ਹੈ।

ਅਫ਼ੀਮ ਮੰਗੇ ਰਿਉੜੀਆਂ, ਪੋਸਤ ਮੰਗੇ ਗੰਨੇ, ਭੰਗ ਵਿਚਾਰੀ ਆਲ਼ੀ ਭੋਲ਼ੀ, ਜੋ ਆਵੇ ਸੋ ਬੰਨੇ——ਇਸ ਅਖਾਣ ਵਿੱਚ ਵੱਖਰੇ-ਵੱਖਰੇ ਨਸ਼ੇ ਕਰਨ ਵਾਲ਼ਿਆਂ ਦੇ ਮਨਭਾਉਂਦੇ ਭੋਜਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਅੰਬ ਖਾਣੇ ਐਂ ਕਿ ਪੇੜ ਗਿਣਨੇ ਨੇ——ਜਦੋਂ ਕੋਈ ਬੰਦਾ ਆਪਣੇ ਮੰਤਵ ਦੀ ਗੱਲ ਛੱਡ ਕੇ ਉਰਲੀਆਂ-ਪਰਲੀਆਂ ਮਾਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ਼ ਨਹੀਂ ਲਹਿੰਦੀ——ਜਿਸ ਵਸਤੂ ਦੀ ਲੋੜ ਹੋਵੇ, ਉਸ ਦੀ ਪ੍ਰਾਪਤੀ ਨਾਲ ਹੀ ਖ਼ੁਸ਼ੀ ਤੇ ਤ੍ਰਿਪਤੀ ਹੁੰਦੀ ਹੈ, ਉਸ ਦਾ ਬਦਲ ਪੂਰਨ ਖੁਸ਼ੀ ਨਹੀਂ ਦੇ ਸਕਦਾ।

ਲੋਕ ਸਿਆਣਪਾਂ/26