ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਮਾ ਜਾਏ ਪੰਜ ਪੁੱਤਰ, ਕਰਮ ਨਾ ਦੇਂਦੀ ਵੰਡ——ਭਾਵ ਇਹ ਹੈ ਕਿ ਮਾਂ ਨੇ ਭਾਵੇਂ ਪੰਜ ਪੁੱਤਰ ਜਨਮੇ ਹਨ ਪ੍ਰੰਤੂ ਉਹਨਾਂ ਦੇ ਕਰਮ ਵੱਖਰੇ-ਵੱਖਰੇ ਹਨ, ਕੋਈ ਗ਼ਰੀਬ, ਕੋਈ ਅਮੀਰ, ਕੋਈ ਸਿਆਣਾ ਅਤੇ ਕੋਈ ਮੂਰਖ।
 ਅੰਮਾਂ ਨਾਲੋਂ ਹੇਜਲੀ ਸੋ ਫਫੇ ਕੱਟਣ——ਇਸ ਅਖਾਣ ਰਾਹੀਂ ਝੂਠਾ ਪਿਆਰ ਤੇ ਵਿਖਾਵਾ ਵਿਖਾਉਣ ਵਾਲ਼ੇ ਭੱਧਰ ਪੁਰਸ਼ਾਂ ਤੋਂ ਸੁਚੇਤ ਕੀਤਾ ਗਿਆ ਹੈ।
 ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਪਾਏ ਪਾਣੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਉਲਾਦ ਆਪਣੇ ਵਡੇਰਿਆਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਵਿਗਾੜਨ ਲੱਗ ਜਾਵੇ।

ਅੰਮਾਂ ਨੀ ਅੰਮਾਂ ਮੈਂ ਕਿਹੜੇ ਵੇਲੇ ਨਕੰਮਾ——ਇਹ ਅਖਾਣ ਵਿਅੰਗ ਵਜੋਂ ਉਸ ਆਦਮੀ ਜਾਂ ਜਵਾਨ ਲਈ ਵਰਤਿਆ ਜਾਂਦਾ ਹੈ ਜਿਹੜਾ ਸਾਰਾ ਦਿਨ ਵਿਹਲਾ ਰਹਿ ਕੇ ਡੱਕਾ ਨਾ ਤੋੜੇ।

ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਪੁੱਛੀ, ਗਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾ——ਭਾਵ ਇਹ ਹੈ ਕਿ ਅੱਜ ਦਾ ਜ਼ਮਾਨਾ ਅਮੀਰਾਂ ਦੀ ਹੀ ਖ਼ੁਸ਼ਾਮਦ ਕਰਦਾ ਰਹਿੰਦਾ ਹੈ ਪ੍ਰੰਤੂ ਗਰੀਬਾਂ ਨਾਲ਼ ਹੱਕੀ ਹਮਦਰਦੀ ਕੋਈ ਨਹੀਂ ਦਿਖਾਉਂਦਾ।
 ਅਮੀਰ ਦੇ ਸਾਲੇ ਬਹੁਤ, ਗ਼ਰੀਬ ਦਾ ਭਣੋਈਆ ਕੋਈ ਨਾ——ਭਾਵ ਇਹ ਹੈ ਕਿ ਲੋਕ ਅਮੀਰਾਂ ਨਾਲ਼ ਤਾਂ ਭੱਜ-ਭੱਜ ਕੇ ਸਕੀਰੀਆਂ ਗੰਢਦੇ ਨੇ, ਪ੍ਰੰਤੂ ਗ਼ਰੀਬ ਦੀ ਭੈਣ ਦਾ ਸਾਕ ਲੈਣ ਨੂੰ ਵੀ ਕੋਈ ਤਿਆਰ ਨਹੀਂ।

ਅਰਾਕੀ ਨੂੰ ਸੈਨਤ ਗਧੇ ਨੂੰ ਡੰਡਾ——ਭਾਵ ਇਹ ਹੈ ਕਿ ਸਿਆਣਾ ਆਦਮੀ ਅੱਖ ਦੇ ਇਸ਼ਾਰੇ ਨੂੰ ਹੀ ਸਮਝ ਜਾਂਦਾ ਹੈ ਪੰਤੁ ਮੁਰਖ਼ ਆਦਮੀ ਕੁੱਟ ਖਾ ਕੇ ਵੀ ਸਮਝ ਨਹੀਂ ਸਕਦਾ।

ਅੱਵਲ ਤਾਂ ਮੁੰਡਾ, ਨਹੀਂ ਤਾਂ ਕੁੜੀ ਵੱਟ ਤੇ ਪਈ ਐ——ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਜੇ ਸਬੰਧਿਤ ਕੰਮ 'ਚ ਕੋਈ ਪ੍ਰਾਪਤੀ ਨਾ ਹੋਈ ਤਾਂ ਪੱਲਿਓਂ ਵੀ ਕੁਝ ਨਹੀਂ ਜਾਣਾ।

ਅੜਾਹੇ ਦੀ ਕੁੜੀ, ਪੜਾਹੇ ਨੂੰ ਡੰਡ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਅਸਲੀ ਦੋਸ਼ੀ ਦੀ ਸਜ਼ਾ ਕਿਸੇ ਦੂਸਰੇ ਨੂੰ ਭੁਗਤਣੀ ਪੈ ਜਾਵੇ। ਇਸੇ ਭਾਵ ਦਾ ਇਕ ਹੋਰ ਅਖਾਣ ਹੈ-"ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ।"

ਆ ਅਹੀਏ ਤਹੀਏ, ਕਰੂੰ ਆਪਣੇ ਜਹੀਏ——ਜਦੋਂ ਕੋਈ ਭਲਾ ਪੁਰਸ਼ ਭੈੜਿਆਂ ਬੰਦਿਆਂ ਦੀ ਸੰਗਤ ਵਿੱਚ ਰਲ਼ ਕੇ ਭੈੜਾ ਬਣ ਜਾਂਦਾ ਹੈ, ਉਦੋਂ ਭੈੜੇ ਬੰਦਿਆਂ ਨੂੰ ਇਹ ਅਖਾਣ ਬੋਲਦੇ ਹਨ।

ਲੋਕ ਸਿਆਣਪਾਂ/27