ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਨੇ ਦੀ ਘੋੜੀ, ਪਾਈਆ ਦਾਣਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਜਣਾ ਆਮ ਵਸਤੂ 'ਤੇ ਵਾਧੂ ਦਾ ਖ਼ਰਚ ਕਰਦਾ ਹੋਵੇ। ਇਸੇ ਭਾਵ ਨੂੰ ਦਰਸਾਉਂਦਾ ਹੈ ਇਹ ਅਖਾਣ 'ਧੇਲੇ ਦੀ ਬੁੜ੍ਹੀ, ਟਕਾ ਸਿਰ ਮੁਨਾਈ'।

ਆਪ ਸਿਰੋਂ ਨੰਗੀ, ਚੋਲੀ ਕਿਨੂੰ ਦਿਆਂ ਮੰਗੀ——ਭਾਵ ਇਹ ਹੈ ਕਿ ਜਿਹੜੇ ਬੰਦੇ ਆਪਣੇ ਘਰ ਦਾ ਤੋਰੀ ਫ਼ੁਲਕਾ ਨਹੀਂ ਤੋਰ ਸਕਦੇ, ਉਹ ਭਲਾ ਦੂਜੇ ਦੀ ਕੀ ਸਹਾਇਤਾ ਕਰ ਸਕਦੇ ਹਨ।

ਆਪ ਹੋਵੇ ਤਕੜੀ ਤੇ ਕਿਉਂ ਵੱਜੇ ਫੱਕੜੀ——ਜੇ ਤੁਹਾਡੇ ਵਿੱਚ ਕੋਈ ਕਾਣ ਨਹੀਂ ਤਾਂ ਦੂਜਾ ਕੋਈ ਤੁਹਾਡੀ ਬਦਨਾਮੀ ਨਹੀਂ ਕਰ ਸਕਦਾ।

ਆਪ ਕਾਜ ਮਹਾਂ ਕਾਜ——ਆਪਣੇ ਹੱਥੀਂ ਕੀਤਾ ਕੰਮ ਹੀ ਸਕਾਰਥਾ ਹੁੰਦਾ ਹੈ। ਇਸ ਲਈ ਆਪਣੇ ਹੱਥੀਂ ਕੰਮ ਕਰਨ ਤੋਂ ਨਾ ਝਿਜਕੋ।

ਆਪ ਕਿਸੇ ਜਹੀ ਨਾ, ਨੱਕ ਚਾੜ੍ਹਨੋਂ ਰਹੀ ਨਾ——ਇਹ ਅਖਾਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜਾ ਆਪ ਤਾਂ ਕੋਈ ਚੰਗੇਰਾ ਕੰਮ ਨਾ ਕਰੇ ਪ੍ਰੰਤੂ ਦੂਜਿਆਂ ਦੇ ਕੀਤੇ ਕੰਮਾਂ ਤੇ ਨੁਕਤਾਚੀਨੀ ਕਰੇ।

ਆਪ ਕੁਚੱਜੀ, ਵਿਹੜੇ ਨੂੰ ਦੋਸ਼——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੀ ਬੇਅਕਲੀ ਕਾਰਨ ਆਪਣਾ ਕੰਮ ਵਿਗਾੜ ਦੇਵੇ ਪ੍ਰੰਤੂ ਇਸ ਵਿਗਾੜ ਜਾਂ ਨੁਕਸ ਦਾ ਦੋਸ਼ ਕਿਸੇ ਦੂਜੇ ਦੇ ਸਿਰ 'ਤੇ ਮੜ੍ਹੇ।
 ਆਪ ਕੁਪੱਤੀ, ਵਿਹੜਾ ਦਾਦੇ ਮਗੌਣਾ——ਉਦੋਂ ਕਹਿੰਦੇ ਹਨ ਜਦੋਂ ਕੋਈ ਮਾੜਾ ਤੇ ਕੁਪੱਤਾ ਬੰਦਾ ਆਪਣੇ ਕਿਰਦਾਰ ਨੂੰ ਲੁਕੋਣ ਲਈ ਆਪਣੇ ਮੁਹੱਲੇ ਜਾਂ ਵਿਹੜੇ ਦੇ ਨਿਵਾਸੀਆਂ ਤੇ ਭੈੜੇ ਹੋਣ ਦਾ ਦੋਸ਼ ਲਗਾਵੇ।

ਆਪ ਗਏ ਵਿਸਾਖੀ, ਅਸੀਂ ਰਹੇ ਘਰਾਂ ਦੀ ਰਾਖੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਘਰ ਦੇ ਬਹੁਤੇ ਬੰਦੇ ਤਾਂ ਮੌਜ ਮਸਤੀ ਲਈ ਬਾਹਰ ਚਲੇ ਜਾਣ ਪ੍ਰੰਤੂ ਕਿਸੇ ਸਧਾਰਨ ਬੰਦੇ ਨੂੰ ਘਰ ਦੀ ਸੰਭਾਲ ਲਈ ਪਿੱਛੇ ਛੱਡ ਜਾਣ।

ਆਪ ਤਾਂ ਡੁੱਬਣੋਂ ਬਾਹਮਣਾਂ ਜਜ਼ਮਾਨ ਵੀ ਡੋਬੇ——ਜਦੋਂ ਕੋਈ ਆਪ ਮੁਸੀਬਤ ਵਿੱਚ ਫਸਿਆ ਹੋਵੇ ਅਤੇ ਦੂਜੇ ਸਾਕ ਸਬੰਧੀਆਂ ਨੂੰ ਵੀ ਮੁਸੀਬਤ ਵਿੱਚ ਫਸਾ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਆਪ ਨਾ ਮਰੀਏ, ਸਵਰਗ ਨਾ ਜਾਈਏ——ਭਾਵ ਇਹ ਹੈ ਕਿ ਆਪ ਮਿਹਨਤ ਕੀਤੇ ਬਿਨਾਂ ਸਫ਼ਲਤਾ ਪ੍ਰਾਪਤ ਨਹੀਂ ਹੋ ਸਕਦੀ।

ਆਪ ਨਾ ਵੰਜੇ ਸਾਹਵਰੇ ਲੋਕਾਂ ਮੱਤੀ ਦੇ——ਇਹ ਅਖਾਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜੀ ਆਪ ਤਾਂ ਮੰਦੇ ਕੰਮ ਕਰੇ ਤੇ ਹੋਰਨਾਂ ਨੂੰ ਚੰਗਾ ਕੰਮ ਕਰਨ ਦਾ ਉਪਦੇਸ਼ ਦੇਵੇ।

ਲੋਕ ਸਿਆਣਪਾਂ/30