ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪੰਥ ਦੋ ਕਾਜ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਇਕ ਕੰਮ ਕਰਦਿਆਂ ਦੂਜਾ ਲਾਹਵੰਦ ਕੰਮ ਨਾਲ਼ ਹੀ ਹੋ ਜਾਵੇ।

ਇਕ ਪਰਹੇਜ਼ ਨੌ ਸੌ ਹਕੀਮ——ਭਾਵ ਇਹ ਹੈ ਕਿ ਜਿਹੜਾ ਬੰਦਾ ਖਾਣ-ਪੀਣ ਵਿੱਚ ਪ੍ਰੇਹਜ਼ ਕਰਦਾ ਹੈ, ਉਸ ਨੂੰ ਹਕੀਮ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਪ੍ਰਹੇਜ਼ ਸਦਕਾ ਬੀਮਾਰ ਹੀ ਨਹੀਂ ਹੁੰਦਾ।

ਇਕ ਪਲ ਦੀ ਸ਼ਰਮਿੰਦਗੀ ਸਾਰੇ ਦਿਨ ਦਾ ਆਧਾਰ——ਭਾਵ ਇਹ ਹੈ ਕਿ ਜੇ ਸੰਗਣ ਨਾਲ਼ ਨੁਕਸਾਨ ਪੁੱਜਦਾ ਹੋਵੇ ਤਾਂ ਨਿ-ਸੰਗ ਹੋ ਕੇ ਉਹ ਲਾਭ ਲੈ ਲੈਣਾ ਚਾਹੀਦਾ ਹੈ।

ਇਕ ਪਾਪੀ ਬੇੜੀ ਨੂੰ ਡੋਬਦਾ ਹੈ——ਭਾਵ ਇਹ ਹੈ ਕਿ ਘਰ ਦਾ ਕੋਈ ਮਾੜਾ ਬੰਦਾ ਮਾੜੇ ਕੰਮ ਕਰਨ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਹੀ ਬਦਨਾਮ ਕਰ ਦਿੰਦਾ ਹੈ।

ਇਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ——ਇਸ ਦਾ ਭਾਵ ਅਰਥ ਇਹ ਹੈ ਕਿ ਇਕੋ ਜਿਹੀ ਸ਼ਕਤੀ ਦੇ ਮਾਲਕ ਦੋ ਜਣੇ ਇਕੋ ਥਾਂ ਨਹੀਂ ਰਹਿ ਸਕਦੇ। ਇਕੋ ਵੇਲੇ ਇਕੋ ਜਿਹੇ ਬੰਦਿਆਂ ਦੀ ਚੌਧਰ ਨਹੀਂ ਚਲ ਸਕਦੀ।

ਇਕ ਮੱਛੀ ਸਾਰੇ ਤਲਾ ਨੂੰ ਗੰਦਾ ਕਰ ਦਿੰਦੀ ਹੈ——ਭਾਵ ਇਹ ਹੈ ਕਿ ਕਿਸੇ ਪਰਿਵਾਰ ਦਾ ਇਕੋ ਜਣਾ ਆਪਣੇ ਮਾੜੇ ਕੰਮਾਂ ਕਰਕੇ ਸਾਰੇ ਪਰਿਵਾਰ ਨੂੰ ਬਦਨਾਮ ਕਰ ਦਿੰਦਾ ਹੈ।

ਇਕ ਮੱਝ ਸਾਰੇ ਵੱਗ ਨੂੰ ਲਿਬੇੜਦੀ ਹੈ——ਭਾਵ ਇਹ ਹੈ ਕਿ ਭੈੜਾ ਅਤੇ ਆਚਰਣਹੀਣ ਆਦਮੀ ਆਪਣੇ ਸੰਗੀ-ਸਾਥੀਆਂ ਨੂੰ ਵੀ ਆਪਣੇ ਵਰਗਾ ਬਣਾ ਕੇ ਬਦਨਾਮ ਕਰ ਦਿੰਦਾ ਹੈ।

ਇਕ ਮਾਂ ਨੂੰ ਰੋਂਦੇ ਨੇ, ਇਕ ਮਤ੍ਰੇਈ ਨੂੰ——ਭਾਵ ਇਹ ਹੈ ਕਿ ਮਾਂ ਦਾ ਦੁਖ ਤਾਂ ਬੱਚੇ ਜਰਦੇ ਹੀ ਨੇ, ਪ੍ਰੰਤੂ ਮਤ੍ਰੇਈ ਦੇ ਆਉਣ ਦਾ ਝੋਰਾ ਉਹਨਾਂ ਨੂੰ ਹੋਰ ਦੁਖੀ ਕਰਦਾ ਹੈ।

ਇਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਿਆ ਘੱਟਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਵਧੀਕੀ ਇਕ-ਦੋ ਵਾਰੀ ਹੀ ਸਹਾਰੀ ਜਾ ਸਕਦੀ ਹੈ ਪ੍ਰੰਤੂ ਜੇ ਇਹ ਲੜੀ ਜਾਰੀ ਰਹੇ ਤਾਂ ਅੱਗੋਂ ਇਸ ਨੂੰ ਰੋਕਣ ਲਈ ਡਾਂਗ ਸੋਟਾ ਚੁੱਕਣਾ ਹੀ ਪੈਂਦਾ ਹੈ।

ਇਕਾਂਤ ਵਾਸਾ, ਨਾ ਝਗੜਾ ਝਾਂਸਾ——ਜਿਹੜਾ ਆਦਮੀ ਇਸ ਸਮਾਜ ਤੋਂ ਅਲੱਗ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਸ ਪ੍ਰਤੀ ਇਹ ਅਖਾਣ ਬੋਲਦੇ ਹਨ।

ਇਕੇ ਵਾਹ, ਇਕੇ ਪਾਹ——ਭਾਵ ਇਹ ਹੈ ਕਿ ਫ਼ਸਲ ਦਾ ਚੰਗਾ ਝਾੜ ਲੈਣ ਲਈ ਖੇਤ ਨੂੰ ਕਈ ਵਾਰ ਵਾਹ ਕੇ ਖ਼ਾਦ ਪਾਉਣੀ ਚਾਹੀਦੀ ਹੈ।

ਇਕੋ ਆਂਡਾ ਉਹ ਵੀ ਗੰਦਾ——ਜਦੋਂ ਮਾਪਿਆਂ ਦਾ ਇਕੋ ਇਕ ਪੁੱਤਰ ਨਾਲਾਇਕ ਨਿਕਲ ਆਵੇ, ਉਦੋਂ ਇਹ ਅਖਾਣ ਬੋਲਦੇ ਹਨ।

ਲੋਕ ਸਿਆਣਪਾਂ/36