ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰੀਂ ਵਸਣ ਦੇਵਤੇ ਪਿੰਡੀਂ ਵਸਣ ਭੂਤ——ਸ਼ਹਿਰਾਂ ਵਿੱਚ ਵਸਣ ਵਾਲ਼ੇ ਲੋਕ ਆਪਣੇ ਸ਼ਹਿਰੀ ਜੀਵਨ ਨੂੰ ਪਿੰਡ ਵਾਸੀਆਂ ਨਾਲੋਂ ਚੰਗੇਰਾ ਦੱਸਣ ਲਈ ਇਹ ਅਖਾਣ ਵਰਤਦੇ ਹਨ।

ਸਹੁੰ ਦਈਏ ਜੀ ਦੀ, ਪੁੱਤਰ ਦੀ ਨਾ ਧੀ ਦੀ——ਭਾਵ ਇਹ ਹੈ ਕਿ ਬੰਦਾ ਆਪਣੇ ਬਾਰੇ ਹੀ ਪੂਰਨ ਵਿਸ਼ਵਾਸ਼ ਦੁਆ ਸਕਦਾ ਹੈ ਹੋਰ ਕਿਸੇ ਵੀ ਰਿਸ਼ਤੇਦਾਰ ਦੀ ਚਾਹੇ ਉਹ ਕਿੰਨਾ ਵੀ ਨੇੜੇ ਦਾ ਹੋਵੇ ਸਹਿਮਤੀ ਨਹੀਂ ਦਿੱਤੀ ਜਾ ਸਕਦੀ।

ਸਹੁਰਾ ਨਾ ਸਾਲ਼ਾ, ਮੈਂ ਆਪੇ ਘਰ ਵਾਲ਼ਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਘਰ ਵਿੱਚ ਕੋਈ ਹੋਰ ਪੁਰਸ਼ ਪੁੱਛ ਪੜਤਾਲ ਕਰਨ ਵਾਲ਼ਾ ਨਾ ਹੋਵੇ, ਤੇ ਬੰਦਾ ਆਪਣੀ ਮਰਜ਼ੀ ਕਰੇ।

ਸਹੁਰਾ ਬੱਧਾ, ਨੂੰਹ ਨੂੰ ਦਾ ਲੱਗਾ-ਜਦੋਂ ਘਰ ਵਿੱਚ ਪੁੱਛ ਪੜਤਾਲ ਕਰਨ ਵਾਲਾ ਅਤੇ ਨਿਗਰਾਨੀ ਰੱਖਣ ਵਾਲਾ ਘਰੋਂ ਥੋੜ੍ਹੇ ਸਮੇਂ ਲਈ ਚਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਸਹੁਰਿਆ ਤੇਰਾ ਨਾਂ ਤਾਂ ਆਉਂਦੈ ਪਰ ਲੈਣਾ ਨੀ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਕਾਰਨ ਕਰਕੇ ਕਿਸੇ ਦਾ ਦੋਸ਼ ਉਹਦੇ ਮੂੰਹ ਤੇ ਸੱਚੋ ਸੱਚ ਦੱਸਣ ਲਈ ਸੰਕੋਚ ਵਰਤਿਆ ਜਾਵੇ।

ਸਹੇ ਦੀ ਨਹੀਂ, ਪਹੇ ਦੀ ਪਈ ਏ-ਜਦੋਂ ਥੋੜੇ ਨੁਕਸਾਨ ਤੋਂ ਬਾਅਦ ਵੱਡੇ ਨੁਕਸਾਨ ਹੋਣ ਦਾ ਡਰ ਹੋਵੇ, ਉਦੋਂ ਇੰਜ ਆਖਦੇ ਹਨ।

ਸ਼ੱਕਰ ਖੋਰੇ ਨੂੰ ਰੱਬ ਸ਼ੱਕਰ ਦੇ ਦੇਂਦਾ ਹੈ-ਭਾਵ ਇਹ ਹੈ ਕਿ ਜਿਹੋ ਜਿਹਾ ਜੀਵਨ ਢੰਗ ਕੋਈ ਅਪਣਾ ਲੈਂਦਾ ਹੈ ਰੱਬ ਉਹਦੇ ਜੀਵਨ ਨਿਰਬਾਹ ਲਈ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਦਿੰਦਾ ਹੈ।

ਸ਼ਕਲ ਚੁੜੇਲਾਂ, ਦਿਮਾਗ਼ ਪਰੀਆਂ-ਇਹ ਅਖਾਣ ਉਸ ਪੁਰਸ਼-ਇਸਤਰੀ ਲਈ ਵਰਤਦੇ ਹਨ ਜਿਹੜਾ ਸ਼ਕਲ ਸੂਰਤ ਤੋਂ ਭੱਦਾ ਹੋਵੇ ਪਰ ਅਸ਼ਨੇ ਪਸ਼ਨੇ ਬਹੁਤੇ ਕਰੇ ਤੇ ਆਪਣੀ ਟੌਹਰ ਕੱਢ ਕੇ ਰੱਖੋ।

ਸ਼ਕਲ ਮੋਮਨਾਂ, ਕਰਤੁਤ ਕਾਫ਼ਰਾਂ-ਜਦੋਂ ਕਿਸੇ ਸਾਊ ਦਿਸਦੇ ਤੇ ਸਾਦਾ ਰਹਿਣੀ ਵਾਲੇ ਬੰਦੇ ਦੀਆਂ ਭੈੜੀਆਂ ਕਰਤੂਤਾਂ ਜਗ ਜਾਹਰ ਹੋ ਜਾਣ, ਉਦੋਂ ਇਹ ਅਖਾਣ ਬੋਲਦੇ ਹਨ।

ਸਖੀ ਸੁਮ ਦਾ ਲੇਖਾ ਬਰਾਬਰ-ਜਦੋਂ ਕੋਈ ਖੁੱਲ੍ਹੇ ਦਿਲ ਵਾਲਾ ਦਿਲ ਖੋਲ ਕੇ ਖ਼ਰਚ ਕਰੇ ਤੇ ਦੂਜੇ ਪਾਸੇ ਕਿਸੇ ਸੁਮ ਬੰਦੇ ਦਾ ਓਨਾ ਹੀ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦਏ ਜਵਾਬ-ਭਾਵ ਇਹ ਹੈ ਕਿ ਉਸ ਬਹਾਨੇਬਾਜ਼ ਮਨੁੱਖ ਨਾਲੋਂ, ਜਿਹੜਾ ਨਿੱਤ ਬਹਾਨੇ ਲਾ ਕੇ ਤੇ ਲਾਰੇ ਲਾ ਕੇ ਨਿਰਾਸ਼

ਲੋਕ ਸਿਆਣਪਾਂ/39