ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਹੈ, ਉਹ ਮਨੁੱਖ ਚੰਗਾ ਹੈ, ਜਿਹੜਾ ਪਹਿਲੀ ਵਾਰ ਹੀ ਸਹਾਇਤਾ ਕਰਨ ਵਿੱਚ ਆਪਣੀ ਅਸਮਰਥਾ ਪ੍ਰਗਟ ਕਰ ਦੇਵੇ।

ਸੰਗ ਤਾਰੇ, ਕਸੰਗ ਡੋਬੇ——ਭਾਵ ਇਹ ਹੈ ਕਿ ਚੰਗੇ ਬੰਦਿਆਂ ਦੀ ਬੈਠਕ ਵਿੱਚ ਬੰਦਾ ਚੰਗੀਆਂ ਗੱਲਾਂ ਸਿਖਦਾ ਹੈ ਤੇ ਮਾੜੇ ਬੰਦਿਆਂ ਨਾਲ਼ ਉਠਣ, ਬੈਠਣ ਵਾਲ਼ਾ ਬੰਦਾ ਮਾੜੀਆਂ ਆਦਤਾਂ ਧਾਰਨ ਕਰ ਲੈਂਦਾ ਹੈ ਤੇ ਨੁਕਸਾਨ ਝਲਦਾ ਹੈ।

ਸੰਘੋਂ ਹੇਠਾ ਹੋਇਆ ਜਿਹਾ ਗੁੜ ਜਿਹਾ ਗੋਹਿਆ——ਇਸ ਅਖਾਣ ਰਾਹੀਂ ਜੀਵ ਦੇ ਸੁਆਦਾਂ ਬਾਰੇ ਦੱਸਿਆ ਗਿਆ ਹੈ। ਖਾਣ ਵਾਲ਼ੀ ਚੀਜ਼ ਦਾ ਸੁਆਦ ਤਾਂ ਸੰਘ ਤੱਕ ਹੀ ਹੈ, ਮਗਰੋਂ ਸੰਘ ਤੋਂ ਥੱਲ੍ਹੇ ਲੰਘ ਕੇ ਸਭ ਚੀਜ਼ਾਂ ਬਰਾਬਰ ਹੋ ਜਾਂਦੀਆਂ ਹਨ।

ਸੱਚ ਆਖਣਾ, ਅੱਧੀ ਲੜਾਈ——ਕੋਈ ਵੀ ਦੋਸ਼ੀ ਆਪਣਾ ਦੋਸ਼ ਸੁਣਨ ਲਈ ਤਿਆਰ ਨਹੀਂ ਹੁੰਦਾ, ਜੇਕਰ ਕੋਈ ਸੱਚੀ ਗੱਲ ਅਗਲੇ ਦੇ ਮੂੰਹ 'ਤੇ ਆਖ ਦੇਵੇ ਤੇ ਉਹ ਸੱਚ ਆਖਣ ਵਾਲ਼ੇ ਦੇ ਗਲ਼ ਪੈ ਜਾਂਦਾ ਹੈ।

ਸੱਚ ਕਹੇ, ਪਰੇਡੇ ਰਹੇ——ਭਾਵ ਇਹ ਹੈ ਕਿ ਸੱਚ ਕਹਿਣ ਵਾਲ਼ੇ ਬੰਦੇ ਦੇ ਟਾਕਰੇ 'ਤੇ ਝੂਠੀਆਂ ਗੱਲਾਂ ਕਰਨ ਵਾਲਾ ਖ਼ੁਸ਼ਾਮਦੀ ਬੰਦਾ ਆਪਣੀ ਥਾਂ ਮੂਹਰਲੀ ਕਤਾਰ ਵਿੱਚ ਬਣਾ ਲੈਂਦਾ ਹੈ ਤੇ ਸੱਚੇ ਬੰਦੇ ਨੂੰ ਕੋਈ ਨਹੀਂ ਸਿਆਣਦਾ।

ਸੱਚ ਨੂੰ ਆਂਚ ਨਹੀਂ——ਭਾਵ ਸਪੱਸ਼ਟ ਹੈ ਸੱਚ ਸਦਾ ਸੱਚ ਰਹਿੰਦਾ ਹੈ ਤੇ ਹਰ ਪਰਖ਼ ਵਿੱਚ ਖ਼ਰਾ ਉਤਰਦਾ ਹੈ।

ਸੱਚ ਮਿਰਚਾਂ ਝੂਠ ਗੁੜ——ਭਾਵ ਇਹ ਹੈ ਕਿ ਲੋਕ ਸੱਚੀ ਗੱਲ ਆਖਣ ਵਾਲ਼ੇ ਨੂੰ ਬੁਰਾ ਸਮਝਦੇ ਹਨ ਤੇ ਝੂਠੀਆਂ ਸਿਫ਼ਤਾਂ ਕਰਨ ਵਾਲੇ ਨੂੰ ਚੰਗਾ ਸਮਝਿਆ ਜਾਂਦਾ ਹੈ।

ਸੱਚੀ ਕਹੇ ਖੁਸ਼ ਰਹੇ——ਭਾਵ ਇਹ ਕਿ ਸੱਚੀ ਗੱਲ ਆਖਣ ਵਾਲ਼ੇ ਨੂੰ ਇਹ ਤੌਖ਼ਲਾ ਨਹੀਂ ਰਹਿੰਦਾ ਕਿ ਉਹਦੀ ਗੱਲ ਝੂਠੀ ਸਾਬਤ ਹੋਣ 'ਤੇ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਉਹ ਖ਼ੁਸ਼ ਰਹਿੰਦਾ ਹੈ।

ਸੱਜਣ ਤਾਂ ਅੱਖਾਂ ਵਿੱਚ ਸਮਾ ਜਾਂਦੇ ਨੇ ਪਰ ਵੈਰੀ ਤਾਂ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ——ਭਾਵ ਇਹ ਹੈ ਕਿ ਅਸੀਂ ਆਪਣੇ ਸੱਜਣ ਮਿੱਤਰਾਂ ਲਈ ਹਰ ਖੇਚਲ ਖ਼ੁਸ਼ੀ-ਖੁਸ਼ੀ ਸਹਿਣ ਲਈ ਤਿਆਰ ਹੋ ਜਾਂਦੇ ਹਾਂ ਪੰਤੁ ਵੈਰੀ ਲਈ ਤਾਂ ਅਸੀਂ ਰਤੀ ਭਰ ਖੇਚਲ ਸਹਿਣ ਨਹੀਂ ਕਰ ਸਕਦੇ।

ਸੱਜਣ ਬਾਂਹ ਦੇਣ ਤਾਂ ਪੂਰੀ ਈ ਨਹੀਂ ਨਿਗਲ ਲਈਦੀ——ਭਾਵ ਇਹ ਹੈ ਕਿ ਜੇਕਰ ਕੋਈ ਲੋੜ ਵੇਲੇ ਸਹਾਇਤਾ ਕਰਦਾ ਹੈ ਤਾਂ ਉਸ ਦੀ ਚੰਗੀ ਭਾਵਨਾ ਦਾ ਅਯੋਗ ਲਾਭ ਨਹੀਂ ਉਠਾਉਣਾ ਚਾਹੀਦਾ।

ਸੱਜਣਾਂ ਦੇ ਲਾਰੇ ਰਹੇ ਕਵਾਰੇ——ਇਹ ਅਖਾਣ ਉਦੋਂ ਬੋਲੀਦਾ ਹੈ ਜਦੋਂ ਕੋਈ ਬੰਦਾ ਲਾਰੇ ਲਾ-ਲਾ ਕੇ ਅੰਤ ਨੂੰ ਕੰਮ ਕਰਨੋਂ ਕੋਰਾ ਜਵਾਬ ਦੇ ਦੇਵੇ।

ਲੋਕ ਸਿਆਣਪਾਂ/40