ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੰਜਮ ਕਰਕੇ ਖਾਹ, ਨੱਕ ਦੀ ਸੇਧੇ ਜਾਹ, ਫੇਰ ਕਾਹਦੀ ਪ੍ਰਵਾਹ——ਜਿਹੜਾ ਬੰਦਾ ਆਪਣਾ ਜੀਵਨ ਸੰਜਮ ਨਾਲ਼ ਬਤੀਤ ਕਰਦਾ ਹੈ, ਫ਼ਜ਼ੂਲ ਖ਼ਰਚੀ ਨਹੀਂ ਕਰਦਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਪਾਲਣਾ ਕਰਦਾ ਹੈ, ਉਸ ਨੂੰ ਕਿਸੇ ਕਿਸਮ ਦਾ ਵੀ ਭੈ ਨਹੀਂ ਹੁੰਦਾ।

ਸੱਜਾ ਧੋਏ ਖੱਬੇ ਨੂੰ ਤੇ ਖੱਬਾ ਧੋਏ ਸੱਜੇ ਨੂੰ——ਇਸ ਅਖਾਣ ਰਾਹੀਂ ਇਕ-ਦੂਜੇ ਦੀ ਸਹਾਇਤਾ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਭਾਵ ਇਹ ਹੈ ਕਿ ਚੰਗਾ ਜੀਵਨ ਜੀਣ ਲਈ ਮਿਲਵਰਤਣ ਬਹੁਤ ਜ਼ਰੂਰੀ ਹੈ।

ਸੰਢਿਆਂ ਦਾ ਭੇੜ ਬੂਟਿਆਂ ਦਾ ਖੌ——ਜਦੋਂ ਦੋ ਤਕੜੇ ਬੰਦਿਆਂ ਦੀ ਲੜਾਈ ਵਿੱਚ ਗਰੀਬ ਬੰਦਿਆਂ ਦਾ ਨੁਕਸਾਨ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਸਤੀ ਦਏ ਸੰਤੋਖੀ ਖਾਏ——ਸੱਚੇ ਦਿਲੋਂ ਕੀਤੇ ਦਾਨ ਨੂੰ ਦਾਨ ਲੈਣ ਵਾਲਾ ਦਾਨ ਪ੍ਰਾਪਤ ਕਰਕੇ ਸੰਤੁਸ਼ਟੀ ਮਹਿਸੂਸ ਕਰਦਾ ਹੈ।

ਸੰਤੋਖੀ ਸਦਾ ਸੁਖੀ——ਜਿਹੜਾ ਬੰਦਾ ਕਿਸੇ ਵੀ ਪ੍ਰਕਾਰ ਦਾ ਲਾਲਚ ਨਹੀਂ ਕਰਦਾ, ਸਬਰ ਸੰਤੋਖ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਸਦਾ ਸੁਖੀ ਰਹਿੰਦਾ ਹੈ।

ਸੱਦਿਆ ਪੈਂਚ, ਅਣਸੱਦਿਆ ਭੜੂਆ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਬਿਨ ਬੁਲਾਏ ਹੀ ਆ ਕੇ ਕਿਸੇ ਮਾਮਲੇ ਵਿੱਚ ਦਖ਼ਲ ਦੇਵੇ।

ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ——ਜਦੋਂ ਕੋਈ ਬਿੰਨ ਬੁਲਾਇਆ ਘੜੰਮ ਚੌਧਰੀ ਅੱਗੇ ਹੋ-ਹੋ ਬੈਠੇ ਉਦੋਂ ਇੰਜ ਆਖਦੇ ਹਨ।

ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ ਹੈ——ਜਦੋਂ ਕੋਈ ਬੰਦਾ ਇਕ ਬਾਰ ਧੋਖਾ ਖਾ ਜਾਵੇ ਤਾਂ ਉਹ ਅੱਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ।

ਸੱਪ ਦਾ ਬੱਚਾ ਸਪੋਲੀਆ——ਭਾਵ ਇਹ ਹੈ ਭੈੜੇ ਤੇ ਮੰਦੇ ਕਿਰਦਾਰ ਵਾਲ਼ੇ ਬੰਦਿਆਂ ਦੀ ਉਲਾਦ ਵੀ ਉਹਨਾਂ ਵਰਗੀ ਮਾੜੀ ਹੀ ਹੁੰਦੀ ਹੈ।

ਸੱਪ ਦੇ ਮੂੰਹ ਕੋਹੜ ਕਿਰਲੀ, ਖਾਵੇ ਤੇ ਕੋੜ੍ਹਾ, ਛੱਡੇ ਤਾਂ ਅੰਨ੍ਹਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਅਜਿਹੀ ਹਾਲਤ ਵਿੱਚ ਫਸ ਜਾਵੇ ਕਿ ਕੋਈ ਕੰਮ ਕਰਨ ਜਾਂ ਨਾ ਕਰਨ ਕਰਕੇ ਉਸ ਨੂੰ ਦੋਹੀਂ ਪਾਸੀਂ ਨੁਕਸਾਨ ਹੁੰਦਾ ਹੋਵੇ ਜਾਂ ਬਦਨਾਮੀ ਸਹਿਣੀ ਪੈਂਦੀ ਹੋਵੇ।

ਸੱਪ ਨੂੰ ਸੱਪ ਲੜੇ, ਵਿਹੁ ਕਿਸ ਨੂੰ ਚੜ੍ਹੇ——ਜਦੋਂ ਦੋ ਇਕੋ ਜਿਹੇ ਤਕੜੇ ਬੰਦੇ ਇਕ-ਦੂਜੇ ਦੇ ਵੈਰੀ ਬਣ ਕੇ ਇਕ-ਦੂਜੇ ਦਾ ਕੋਈ ਵੀ ਨੁਕਸਾਨ ਨਾ ਕਰ ਸਕਣ, ਉਦੋਂ ਇਹ ਅਖਾਣ ਬੋਲਦੇ ਹਨ।

ਸੱਪ ਵੀ ਮਰ ਜੇ ਲਾਠੀ ਵੀ ਨਾ ਟੁੱਟੇ——ਭਾਵ ਇਹ ਹੈ ਕਿ ਕੰਮ ਅਜਿਹੇ ਢੰਗ ਨਾਲ਼ ਕੀਤਾ ਜਾਵੇ ਕਿ ਕੰਮ ਵੀ ਹੋ ਜਾਏ ਤੇ ਕਿਸੇ ਕਿਸਮ ਦਾ ਨੁਕਸਾਨ ਵੀ ਨਾ ਹੋਵੇ।

ਲੋਕ ਸਿਆਣਪਾਂ/41