ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦੇ ਵਰਤਾਵੇ ਦਾ ਸੰਕੇਤ ਕਰਦਾ ਹੈ। ਸ਼ਰੀਕ ਦੀ ਕੋਈ ਚੀਜ਼ ਨਾ ਛੱਡੋ ਭਾਵੇਂ ਕੋਈ ਵੀ ਤਕਲੀਫ਼ ਉਠਾਉਣੀ ਪਵੇ।

ਸ਼ਰੀਕ ਮਿੱਟੀ ਦਾ ਵੀ ਮਾਣ ਨਹੀਂ——ਇਹ ਅਖਾਣ ਸ਼ਰੀਕਾਂ ਦੀ ਸ਼ਰੀਕਾਂ ਵੱਲ ਮੰਦੀ ਭਾਵਨਾ ਦਾ ਪ੍ਰਗਟਾ ਕਰਦਾ ਹੈ।

ਸ਼ਰੀਕ ਲਾਏ ਲੀਕ ਪੁੱਜੇ ਜਿੱਥੋਂ ਤੀਕ——ਭਾਵ ਇਹ ਹੈ ਕਿ ਸ਼ਰੀਕ ਦੂਜੇ ਸ਼ਰੀਕ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਦਾ ਯਤਨ ਕਰਦਾ ਹੈ।

ਸਲਾਹ ਕੰਧਾਂ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ——ਭਾਵ ਇਹ ਹੈ ਕਿ ਕੋਈ ਕੰਮ ਕਰਨ ਲੱਗਿਆਂ ਦੂਜੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ, ਭਾਵੇਂ ਆਪਣੀ ਮਨਮਰਜ਼ੀ ਹੀ ਕਰੋ।

ਸਵੇਰ ਦਾ ਭੁੱਲਾ ਸ਼ਾਮੀਂ ਘਰ ਆ ਜਾਵੇ ਤਾਂ ਭੁੱਲਾ ਨਾ ਜਾਣੋ——ਭਾਵ ਇਹ ਹੈ ਕਿ ਜੇ ਕੋਈ ਬੰਦਾ ਗ਼ਲਤੀ ਕਰਕੇ ਆਪਣੇ ਆਪ ਨੂੰ ਸੁਧਾਰ ਲਵੇ ਉਸ ਨੂੰ ਭੁੱਲਾ ਨਹੀਂ ਸਮਝਣਾ ਚਾਹੀਦਾ।

ਸਾਊ ਸੋ ਜੋ ਚੁੱਪ——ਇਸ ਅਖਾਣ ਵਿੱਚ ਬਹੁਤਾ ਨਾ ਬੋਲਣ ਦੇ ਗੁਣ ਨੂੰ ਵਡਿਆਇਆ ਗਿਆ ਹੈ।

ਸਾਈਂ ਅੱਖਾਂ ਫੇਰੀਆਂ, ਵੈਰੀ ਕੁਲ ਜਹਾਨ——ਭਾਵ ਇਹ ਹੈ ਕਿ ਬੰਦੇ ਦੇ ਮਾੜੇ ਦਿਨ ਆ ਜਾਣ, ਪ੍ਰਮਾਤਮਾ ਰੁਸ ਜਾਵੇ, ਉਦੋਂ ਸਾਰੇ ਹੀ ਵੈਰੀ ਬਣ ਜਾਂਦੇ ਹਨ।

ਸਾਈ ਘੜੀ ਸੁਲੱਖਣੀ ਸ਼ਹੁ ਨਾਲ਼ ਵਿਆਹੇ——ਇਸ ਅਖਾਣ ਦਾ ਭਾਵ ਇਹ ਹੈ ਕਿ ਉਹੀ ਸਮਾਂ ਚੰਗਾ ਹੁੰਦਾ ਹੈ ਜਿਹੜਾ ਅਸੀਂ ਆਪਣੇ ਸੱਜਣਾਂ, ਮਿੱਤਰਾਂ ਨਾਲ਼ ਰਲ਼ ਕੇ ਬਿਤਾਉਂਦੇ ਹਾਂ।

ਸਾਈਆਂ ਕਿਧਰੇ ਵਧਾਈਆਂ ਕਿਧਰੇ——ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਲਾਰੇ ਲੱਪੇ ਤਾਂ ਕਿਸੇ ਹੋਰ ਨੂੰ ਲਾਵੇ ਤੇ ਕੰਮ ਦੂਜੇ ਹੋਰ ਦਾ ਕਰੇ, ਭਾਵ ਲਾਰੇ ਕਿਸੇ ਨੂੰ ਸਾਥ ਦੂਜੇ ਦਾ ਦੇਵੇ।

ਸਾਈਆਂ ਬਾਝੋਂ ਸਾਵਣ ਤਹਿਰਾਈਆਂ——ਭਾਵ ਇਹ ਕਿ ਜੇ ਘਰ ਦਾ ਮਾਲਕ ਸਿਰ 'ਤੇ ਨਾ ਹੋਵੇ ਤਾਂ ਨੌਕਰ ਚਾਕਰ ਪੂਰਾ ਕੰਮ ਨਹੀਂ ਕਰਦੇ।

ਸਾਹਵਰਿਆਂ ਦੇ ਟੁੱਕਰ ਖਾਧੇ ਭੁੱਲ ਗਏ ਪੇਕੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਕਿਸੇ ਹੋਰ ਥਾਂ ਜਾ ਕੇ ਆਪਣੇ ਪਿਛਲੇ ਸੱਜਣਾਂ, ਮਿੱਤਰਾਂ ਨੂੰ ਭੁੱਲ ਜਾਵੇ।

ਸ਼ਾਹਾਂ ਨਾਲ ਬਰੋਬਰੀ ਸਿਰ ਸਿਰ ਚੋਟਾਂ ਖਾ——ਭਾਵ ਇਹ ਹੈ ਕਿ ਜਿਹੜਾ ਗਰੀਬ ਕਿਸੇ ਅਮੀਰ ਨਾਲ਼ ਬਰਾਬਰੀ ਕਰਨ ਦਾ ਯਤਨ ਕਰਦਾ ਹੈ, ਉਹ ਨੁਕਸਾਨ ਝਲਦਾ ਹੈ।

ਸ਼ਾਹੂਕਾਰ ਦੀ ਦੋਸਤੀ, ਸਿਰ ਲਾਅਨਤ ਦੀ ਪੱਗ, ਜੀ ਕਹਿਣਾ ਤੇ ਓਏ ਕਹਾਣਾ, ਧਰ ਧਰ ਦੇਣੀ ਅੱਗ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਗ਼ਰੀਬ

ਲੋਕ ਸਿਆਣਪਾਂ/43