ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਦਮੀ ਨੂੰ ਅਮੀਰ ਆਦਮੀ ਨਾਲ਼ ਦੋਸਤੀ ਨਹੀਂ ਕਰਨੀ ਚਾਹੀਦੀ। ਅਮੀਰ ਉਸ ਨਾਲ਼ ਘਟੀਆ ਵਿਹਾਰ ਕਰੇਗਾ।

ਸਾਖ ਬਣਾ, ਪ੍ਰਤੀਤ ਜਮਾ——ਭਾਵ ਇਹ ਹੈ ਕਿ ਕਾਰ ਵਿਹਾਰ ਵਿੱਚ ਜਿਹੜਾ ਬੰਦਾ ਖਰਾ ਨਹੀਂ ਉਤਰਦਾ, ਉਹਦੀ ਪ੍ਰਤੀਤ ਨਹੀਂ ਹੁੰਦੀ, ਪ੍ਰਤੀਤ ਉਸ ਦੀ ਹੁੰਦੀ ਹੈ ਜਿਹੜਾ ਆਪਣੇ ਵਿਹਾਰ ਵਿੱਚ ਖਰਾ ਉਤਰੇ।

ਸਾਂਝੇ ਬਾਬੇ ਨੂੰ ਕੋਈ ਨੀ ਪਿਟਦਾ——ਜਦੋਂ ਕਿਸੇ ਸਾਂਝੀ ਚੀਜ਼ ਦੇ ਵਿਗੜਨ 'ਤੇ ਭਾਈਵਾਲ ਧਿਆਨ ਨਹੀਂ ਦਿੰਦੇ, ਉਦੋਂ ਕਹਿੰਦੇ ਹਨ।

ਸਾਂਝੀ ਹਾਂਡੀ ਚੁਰਾਹੇ ਵਿਚ ਭੱਜਦੀ ਹੈ——ਇਸ ਅਖਾਣ ਦਾ ਭਾਵ ਇਹ ਹੈ ਜਦੋਂ ਕਈ ਜਣੇ ਰਲ਼ ਕੇ ਕੋਈ ਕੰਮ ਸ਼ੁਰੂ ਕਰਦੇ ਹਨ ਤਾਂ ਇਹ ਕੰਮ ਸਿਰੇ ਨਹੀਂ ਲੱਗਦਾ ਕਿਉਂਕਿ ਸਾਂਝੀਵਾਲਾਂ ਵਿੱਚੋਂ ਇਕ-ਅੱਧ ਬੰਦਾ ਅੱਧ ਵਿਚਕਾਰ ਹੀ ਸਾਥ ਛੱਡ ਜਾਂਦਾ ਹੈ।

ਸਾਡੀ ਹੀ ਬਿੱਲੀ ਸਾਨੂੰ ਹੀ ਮਿਆਊਂ——ਜਦੋਂ ਕੋਈ ਤੁਹਾਡਾ ਪਾਲ਼ਿਆ ਬੰਦਾ ਹੀ ਤੁਹਾਡੇ 'ਤੇ ਧੌਂਸੇ ਦਿਖਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਸਾਢ ਸਤੌੜ ਤੇ ਹਾਥੀ ਦਾ ਪੌੜ——ਜਦੋਂ ਕੋਈ ਬਿਗਾਨਾ ਬੰਦਾ ਕਿਸੇ ਦੇ ਘਰ ਖਾਹ-ਮਖਾਹ ਦਖ਼ਲ ਦੇਵੇ ਤਾਂ ਘਰਦਿਆਂ ਪਾਸੋਂ ਬੰਦੇ ਨਾਲ ਰਿਸ਼ਤੇਦਾਰੀ ਪੁੱਛੀ ਜਾਵੇ ਤਾਂ ਘਰ ਵਾਲ਼ੇ ਇਹ ਅਖਾਣ ਵਰਤਦੇ ਹੋਏ ਆਖਦੇ ਹਨ, ਇਹ ਤਾਂ ਸਾਡਾ ਕੁਝ ਵੀ ਨਹੀਂ ਲੱਗਦਾ।

ਸਾਥੋਂ ਗਈਏ ਗੋਰੀਏ ਹੋਰ ਪਰੇਰੇ ਜਾ——ਜਦੋਂ ਕਿਸੇ ਮਹੱਬਤੀ ਬੰਦੇ ਨਾਲ਼ ਅਣਬਣ ਹੋ ਜਾਵੇ ਤਾਂ ਉਸ ਵੱਲੋਂ ਬੇਪ੍ਰਵਾਹੀ ਪ੍ਰਗਟ ਕਰਨ ਲਈ ਇਹ ਅਖਾਣ ਬੋਲਦੇ ਹਨ।

ਸਾਧਾਂ ਨੂੰ ਕੀ ਸਵਾਦਾਂ ਨਾਲ਼——ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ ਜਿਹੜਾ ਆਪਣੇ ਆਪ ਨੂੰ ਉਪਰੋਂ ਉਪਰੋਂ ਸੁਖ-ਸਾਧਨਾਂ ਤੋਂ ਨਿਰਲੇਪ ਦੱਸੇ ਪਰ ਅੰਦਰੋਂ ਹਰ ਸੁਆਦ ਮਾਣਦਾ ਹੋਵੇ।

ਸਾਨੂੰ ਸੱਜਣ ਸੋ ਮਿਲੇ ਗਲ਼ ਲੱਗੀ ਬਾਹੀਂ, ਸਾਡੇ ਉੱਤੇ ਜੁੱਲੀਆਂ ਉਹਨਾਂ ਉਹ ਵੀ ਨਾਹੀਂ——ਜਦੋਂ ਕਿਸੇ ਗ਼ਰੀਬ ਨਾਲ਼ ਉਸ ਤੋਂ ਵੀ ਗ਼ਰੀਬ ਨਾਤਾ ਜੋੜ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਸਾਮੀ ਕੰਜਰ ਤੇ ਭੋਇੰ ਬੰਜਰ——ਭਾਵ ਇਹ ਹੈ ਕਿ ਅਣਉਪਜਾਊ ਜ਼ਮੀਨ ਅਤੇ ਕੰਜਰ ਅਸਾਮੀ ਦੋਨੋਂ ਚੰਗੀਆਂ ਨਹੀਂ ਹੁੰਦੀਆਂ, ਨਾ ਕੰਜਰ ਲਏ ਪੈਸੇ ਮੋੜਦਾ ਹੈ ਨਾ ਬੰਜਰ ਪੈਲੀ 'ਚ ਕੋਈ ਫ਼ਸਲ ਉਗਦੀ ਹੈ।

ਸਾਰਾ ਧਨ ਦੇ ਜਾਂਦਾ ਵੇਖੀਏ, ਅੱਧਾ ਦਈਏ ਵੰਡ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਥੋੜਾ ਨੁਕਸਾਨ ਝਲ ਕੇ ਬਹੁਤਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ ਤਾਂ ਅਜਿਹਾ ਕਰਨ 'ਚ ਕੋਈ ਹਰਜ਼ ਨਹੀਂ।

ਲੋਕ ਸਿਆਣਪਾਂ/44