ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਵਣ ਵੱਸੇ ਨਿੱਤ ਨਿੱਤ ਭਾਦਰੋਂ ਦੇ ਦਿਨ ਚਾਰ, ਅੱਸੇਂ ਮੰਗੇ ਮੇਘਲਾ ਮੂਰਖ ਜੱਟ ਗਵਾਰ——ਭਾਵ ਪ੍ਰਤੱਖ ਹੈ, ਫ਼ਸਲਾਂ ਲਈ ਸਾਉਣ ਦਾ ਰੱਜਵਾਂ ਮੀਂਹ, ਭਾਦੋਂ ਥੋੜ੍ਹਾ ਅਤੇ ਅੱਸੂ ਮਹੀਨੇ ਨਾਂ-ਮਾਤਰ ਵਸਿਆ ਮੀਂਹ ਚੰਗਾ ਹੁੰਦਾ ਹੈ।

ਸਿਆਣਾ ਕਾਂ ਗੰਦਗੀ ਤੇ ਡਿਗਦਾ ਹੈ——ਇਸ ਅਖਾਣ ਦਾ ਭਾਵ ਹੈ ਕਿ ਆਪਣੇ ਆਪ ਨੂੰ ਸਿਆਣਾ ਸਮਝਣ ਵਾਲਾ ਪੁਰਸ਼ ਸਦਾ ਮਾੜੀ ਵਸਤੂ ਪਸੰਦ ਕਰਦਾ ਹੈ।

ਸਿੱਖ ਨਾ ਸਿੱਖ ਗੁਆਂਢਣ ਦੀ ਮੱਤ——ਇਹ ਅਖਾਣ ਉਸ ਪੁਰਸ਼ ਜਾਂ ਇਸਤਰੀ ਲਈ ਵਰਤਦੇ ਹਨ ਜਿਹੜਾ ਮਾੜੇ ਬੰਦੇ ਦੀ ਸੰਗਤ ਵਿੱਚ ਰਹਿ ਕੇ ਮਾੜੇ ਕੰਮ ਕਰਦਾ ਹੈ।

ਸਿੱਧੀ ਉਂਗਲੀ ਨਾਲ਼ ਘਿਉ ਨਹੀਂ ਨਿਕਲਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਭੈੜੇ ਸੁਭਾਅ ਵਾਲ਼ੇ ਬੰਦੇ ਛਿੱਤਰ ਪਣ ਨਾਲ਼ ਹੀ ਸੂਤ ਆਉਂਦੇ ਹਨ।

ਸਿਰ ਸਲਾਮਤ ਜੁੱਤੀਆਂ ਦਾ ਘਾਟਾ ਨਹੀਂ——ਇਹ ਅਖਾਣ ਉਹਨਾਂ ਬੇਸ਼ਰਮ ਤੇ ਢੀਠ ਪੁਰਸ਼ਾਂ ਲਈ ਵਰਤਦੇ ਹਨ ਜਿਨ੍ਹਾਂ ਨੂੰ ਕੋਈ ਸ਼ਰਮ, ਹੱਯਾ ਨਹੀਂ ਹੁੰਦੀ।

ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ——ਇਹ ਅਖਾਣ ਉਸ ਬੰਦੇ ਲਈ ਵਰਤਦੇ ਹਨ ਜਿਹੜਾ ਆਪਣੀ ਮਨ-ਮਰਜ਼ੀ ਨਾਲ ਬੇ-ਹੁਦਰੀਆਂ ਕਰੇ ਤੇ ਉਸ ਨੂੰ ਵਰਜਣ ਵਾਲਾ, ਅਥਵਾ ਰੋਕਣ ਵਾਲ਼ਾ ਕੋਈ ਨਾ ਹੋਵੇ।

ਸਿਰ ਵੱਡੇ ਸਰਦਾਰਾਂ ਦੇ ਪੈਰ ਵੱਡੇ ਗਵਾਰਾਂ ਦੇ——ਭਾਵ ਇਹ ਹੈ ਕਿ ਸਰਦਾਰਾਂ ਲਈ ਵੱਡੇ ਧਿਰ ਦਾ ਹੋਣਾ ਜ਼ਰੂਰੀ ਨਹੀਂ ਪ੍ਰੰਤੂ ਨੰਗੇ ਪੈਰੀਂ ਫਿਰਨ ਵਾਲ਼ੇ ਲੋਕਾਂ ਦੇ ਪੈਰ ਜ਼ਰੂਰ ਵੱਡੇ ਹੋ ਜਾਂਦੇ ਹਨ।

ਸਿਰੋਂ ਗੰਜੀ ਤੇ ਕੰਘੀਆਂ ਦਾ ਜੋੜਾ——ਇਹ ਅਖਾਣ ਉਸ ਪੁਰਸ਼ ਲਈ ਵਰਤਦੇ ਹਨ ਜੋ ਅਜਿਹੀਆਂ ਚੀਜ਼ਾਂ ਦੀ ਸੰਭਾਲ ਕਰੇ ਜਿਨ੍ਹਾਂ ਦੀ ਉਸ ਨੂੰ ਲੋੜ ਨਾ ਹੋਵੇ।

ਸਿਰੋਂ ਗੰਜੀ ਤੇ ਭਖੜਿਆਂ ਵਿੱਚ ਕਲਾਬਾਜ਼ੀਆਂ——ਭਾਵ ਇਹ ਹੈ ਮੂਰਖ਼ ਮਨੁੱਖ ਖਾਹ-ਮਖ਼ਾਹ ਆਪਣੇ ਗਲ਼ ਮੁਸੀਬਤਾਂ ਸਹੇੜ ਲੈਂਦੇ ਹਨ।

ਸਿਰੋਂ ਪੈਰੋਂ ਨੰਗੇ ਆਂ ਸਭਨਾਂ ਨਾਲ਼ੇ ਚੰਗੇ ਆਂ——ਇਹ ਅਖਾਣ ਉਹਨਾਂ ਪੁਰਸ਼ਾਂ ਬਾਰੇ ਹੈ ਜਿਹੜੇ ਮਾੜੀਆਂ ਹਾਲਤਾਂ ਵਿੱਚ ਵੀ ਆਪਣੇ-ਆਪ ਨੂੰ ਚੰਗਾ ਸਮਝਦੇ ਹਨ।

ਸਿਲੇਹਾਰ ਨੂੰ ਸਿਲੇਹਾਰ ਨਹੀਂ ਭਾਉਂਦੀ——ਇਸ ਅਖਾਣ ਦਾ ਭਾਵ ਇਹ ਹੈ ਕਿ ਇਕੋ ਕਿੱਤੇ ਵਾਲੇ ਪੁਰਸ਼ ਇਕ-ਦੂਜੇ ਵਿੱਚ ਨੁਕਸ ਕੱਢਦੇ ਰਹਿੰਦੇ ਹਨ। ਇਸੇ ਕਰਕੇ ਆਖਦੇ ਹਨ ਕੁੱਤਾ ਕੁੱਤੇ ਦਾ ਵੈਰੀ।

ਸੁਘੜ ਨਾਲ਼ ਭਿਖ ਮੰਗ ਲਈ ਚੰਗੀ, ਮੂਰਖ਼ ਨਾਲ਼ ਰਾਜ ਰਾਜਿਆ ਮੰਦਾ——ਇਸ ਅਖਾਣ ਵਿੱਚ ਸੁਘੜ ਸਿਆਣੇ ਬੰਦੇ ਦੀ ਮਿੱਤਰਤਾ ਦੀ ਵਡਿਆਈ ਦਰਸਾਈ ਗਈ ਹੈ ਮੂਰਖ਼ ਅਮੀਰ ਨਾਲ਼ੋਂ ਸਿਆਣੇ ਗ਼ਰੀਬ ਪੁਰਸ਼ ਦੀ ਮਿੱਤਰਤਾ ਸੌ ਦਰਜੇ ਚੰਗੀ ਹੈ।

ਸੁੰਝੇ ਘਰ ਚੋਰਾਂ ਦਾ ਰਾਜ——ਭਾਵ ਇਹ ਹੈ ਕਿ ਜਦੋਂ ਕਿਸੇ ਦਾ ਘਰ ਸੁੰਝਾ ਹੋਵੇ ਤਾਂ ਚੋਰਾਂ ਦਾ ਵਧੇਰੇ ਡਰ ਰਹਿੰਦਾ ਹੈ।

ਲੋਕ ਸਿਆਣਪਾਂ/46