ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਣ ਨੂੰ ਹੋਰ——ਇਹ ਅਖਾਣ ਉਸ ਭੱਦਰ ਪੁਰਸ਼ ਲਈ ਵਰਤਿਆ ਜਾਂਦਾ ਹੈ ਜਿਸ ਦਾ ਬਾਹਰਲਾ ਜੀਵਨ ਸਾਊਆਂ ਵਾਲਾ ਹੋਵੇ ਪ੍ਰੰਤੂ ਅੰਦਰਲਾ ਜੀਵਨ ਮਾੜਾ ਹੋਵੇ।

ਹਾਥੀ ਦੇ ਪੈਰ ਵਿੱਚ ਸਭ ਦਾ ਪੈਰ——ਜਦੋਂ ਕੋਈ ਇਕੱਲਾ ਬੰਦਾ ਬਹੁਤ ਸਾਰੇ ਬੰਦਿਆਂ ਦਾ ਇਕੱਲਾ ਹੀ ਕੰਮ ਸਾਰ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹਾਥੀ ਲੰਘ ਗਿਆ ਪੂਛ ਰਹਿ ਗਈ——ਜਦੋਂ ਬਹੁਤ ਸਾਰਾ ਕੰਮ ਮੁਕ ਜਾਵੇ ਤੇ ਥੋੜ੍ਹਾ ਪਿੱਛੇ ਰਹਿ ਜਾਵੇ, ਉਦੋਂ ਕੰਮ ਕਰਨ ਵਾਲ਼ਿਆਂ ਦਾ ਹੌਸਲਾ ਵਧਾਉਣ ਲਈ ਇਹ ਅਖਾਣ ਬੋਲਦੇ ਹਨ।

ਹਾਰ ਮੰਨੀ ਝਗੜਾ ਮੁੱਕਾ——ਜਦੋਂ ਕੋਈ ਸਿਆਣਾ ਬੰਦਾ ਝਗੜੇ ਦਾ ਨਿਪਟਾਰਾ ਕਰਨ ਲਈ ਆਪ ਮਾੜੀ-ਮੋਟੀ ਕਸਰ ਸਹਿ ਲਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹਾੜ੍ਹ ਨਾ ਵਾਹੀ ਹਾੜ੍ਹੀ, ਫਿਟ ਭੜੂਏ ਦੀ ਦਾਹੜੀ——ਭਾਵ ਇਹ ਹੈ ਕਿ ਜਿਹੜਾ ਜੱਟ ਹਾੜ੍ਹ ਦੇ ਮਹੀਨੇ ਵਿੱਚ ਆਪਣੀ ਪੈਲੀ ਨਹੀਂ ਵਾਹੁੰਦਾ ਉਹ ਚੰਗੀ ਫ਼ਸਲ ਨਹੀਂ ਲੈ ਸਕਦਾ।

ਹਿੱਸਾ ਚੌਥਾ, ਜੁੱਤੀਆਂ ਦਾ ਅੱਧ——ਜਦੋਂ ਕਿਸੇ ਬੰਦੇ ਨੂੰ ਲਾਭ ਵਿੱਚੋਂ ਤਾਂ ਘੱਟ ਪ੍ਰਾਪਤੀ ਹੋਵੇ, ਪ੍ਰੰਤੂ ਨੁਕਸਾਨ ਸਮੇਂ ਬਹੁਤਾ ਹਿੱਸਾ ਦੇਣਾ ਪਵੇ, ਉਦੋਂ ਇੰਜ ਆਖਦੇ ਹਨ।

ਹਿੰਗ ਆਈ ਤੇ ਬਾਟ ਹੀ ਲਾਈ——ਜਦੋਂ ਕੋਈ ਕਿਸੇ ਥੋੜ੍ਹੀ ਤੇ ਸੰਕੋਚਵੀਂ ਚੀਜ਼ ਦੀ ਵਰਤੋਂ ਕਰਨ ਵਾਲ਼ੀ ਚੀਜ਼ ਨੂੰ ਖੁੱਲ੍ਹੇ ਹੱਥ ਨਾਲ਼ ਵਰਤਾਉਣ ਦੀ ਮੂਰਖ਼ਤਾ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ——ਜਦੋਂ ਪੱਲਿਓਂ ਖ਼ਰਚ ਕੀਤੇ ਬਿਨਾਂ ਹੀ ਕੰਮ ਮੁਫ਼ਤੋਂ ਮੁਫ਼ਤੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਹਿੰਮਤੇ ਅੱਗੇ ਫ਼ਤਹ ਨਸੀਬ——ਭਾਵ ਇਹ ਹੈ ਕਿ ਉੱਦਮੀ ਪੁਰਸ਼ ਹਿੰਮਤ ਕਰਕੇ ਆਪਣੇ ਮੰਨ ਦੀ ਮੁਰਾਦ ਪੂਰੀ ਕਰ ਲੈਂਦਾ ਹੈ।

ਹਿੱਲੀ ਹਿੱਲੀ ਗਿਦੜੀ, ਰਵਾਹ ਪਈਆਂ ਫਲੀਆਂ——ਭਾਵ ਇਹ ਹੈ ਕਿ ਕਿਸੇ ਬੰਦੇ ਨੂੰ ਹਰ ਰੋਜ਼ ਕੁਝ ਨਾ ਕੁਝ ਦੇ ਕੇ ਗਿਝਾ ਨਹੀਂ ਲੈਣਾ ਚਾਹੀਦਾ। ਗਿਝਿਆ ਮਨੁੱਖ ਤੰਗ ਕਰਦਾ ਹੈ।

ਹਿੱਲੇ ਨੂੰ ਹਲਾਈਏ ਨਾ, ਹਿੱਲੇ ਦਾ ਮਾਣ ਗਵਾਈਏ ਨਾ——ਭਾਵ ਇਹ ਹੈ ਕਿ ਕਿਸੇ ਨੂੰ ਕੁਝ ਦੇ ਕੇ ਗੇਝ ਨਹੀਂ ਪਾਉਣੀ ਚਾਹੀਦੀ ਪ੍ਰੰਤੂ ਜੇ ਗੇਝ ਪਾ ਹੀ ਲਈ ਹੈ ਤਾਂ ਉਸ ਦੀ ਆਸ ਪੂਰੀ ਕਰਦੇ ਰਹਿਣਾ ਚਾਹੀਦਾ ਹੈ।

ਹੀਲੇ ਰਿਜ਼ਕ ਬਹਾਨੇ ਮੌਤ——ਰੋਜ਼ੀ ਤੇ ਰਿਜ਼ਕ ਕਮਾਉਣ ਲਈ ਅਨੇਕਾਂ ਪਾਪੜ ਵੇਲਣੇ ਪੈਂਦੇ ਹਨ, ਮੌਤ ਤਾਂ ਕਿਸੇ ਕਾਰਨ ਵੀ ਆ ਸਕਦੀ ਹੈ, ਚਾਹੇ ਕੋਈ ਰੋਗ ਲੱਗ ਜਾਵੇ ਜਾਂ ਦੁਰਘਟਨਾ ਵਾਪਰ ਜਾਵੇ।

ਲੋਕ ਸਿਆਣਪਾਂ/53