ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਸਨ, ਜਵਾਨੀ ਤੇ ਰੰਗ ਫੁੱਲਾਂ ਦਾ, ਮੁੱਦਤ ਰਹਿੰਦੇ ਨਾਹੀਂ, ਲੱਖਾਂ ਖ਼ਰਚੋ ਹੱਥ ਨਾ ਆਵਣ ਮੁੱਲ ਵਿਕੇਂਦੇ ਨਾਹੀਂ——ਭਾਵ ਇਹ ਹੈ ਕਿ ਫੁੱਲਾਂ ਦਾ ਰੰਗ ਅਤੇ ਜਵਾਨੀ ਇਕ ਵਾਰੀ ਜਾਣ ਮਗਰੋਂ ਲੱਖਾਂ ਰੁਪਏ ਖ਼ਰਚ ਕਰਕੇ ਵੀ ਮੁੜ ਪ੍ਰਾਪਤ ਨਹੀਂ ਕੀਤੇ ਜਾ ਸਕਦੇ।

ਹੁਕਮ ਬਿਨਾਂ ਝੂਲੇ ਨਹੀਂ ਪੱਤਾ——ਇਸ ਮਹਾਂਵਾਕ ਵਿੱਚ ਦੱਸਿਆ ਗਿਆ ਹੈ ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ। ਉਸ ਦੇ ਹੁਕਮ ਨਾਲ਼ ਹੀ ਸਭ ਕੁਝ ਵਾਪਰਦਾ ਹੈ।

ਹੁੱਜਾਂ ਬਾਂਦਰਾਂ, ਟੁੱਕਰ ਕਲੰਦਰਾਂ——ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੀ ਮਿਹਨਤ ਤੇ ਕਮਾਈ 'ਤੇ ਗੁਜ਼ਾਰਾ ਕਰਦਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹੁਣ ਤਾਂ ਭੇਡਾਂ ਵੀ ਮੱਕੇ ਚੱਲੀਆਂ ਨੇ——ਜਦੋਂ ਕੋਈ ਨਾ ਅਹਿਲ ਤੇ ਨਿਕੰਮਾ ਬੰਦਾ ਕਿਸੇ ਵੱਡੇ ਕੰਮ ਵਿੱਚ ਭਾਗ ਲੈਣ ਲੱਗ ਜਾਵੇ, ਉਦੋਂ ਇੰਜ ਆਖਦੇ ਹਨ।

ਹੁਣ ਦੀ ਹੁਣ ਨਾਲ਼, ਉਦੋਂ ਦੀ ਉਦੋਂ ਨਾਲ਼——ਭਾਵ ਇਹ ਹੈ ਕਿ ਬੀਤੇ ਦੀ ਗੱਲ ਛੱਡੋ, ਹੁਣ ਦੀ ਗੱਲ ਕਰੋ।

ਹੁਣ ਪਛਤਾਇਆਂ ਕੀ ਬਣੇ ਜਦ ਚਿੜੀਆਂ ਚੁਗਿਆ ਖੇਤ——ਭਾਵ ਇਹ ਹੈ ਕਿ ਸਮਾਂ ਗੁਆਉਣ ਮਗਰੋਂ ਪਛਤਾਵਾ ਕਰਨ ਦਾ ਕੋਈ ਲਾਭ ਨਹੀਂ। ਸਮੇਂ ਨੂੰ ਪਹਿਲੋਂ ਹੀ ਸੰਭਾਲਣਾ ਚਾਹੀਦਾ ਹੈ।

ਹੁਦਾਰ ਦਿੱਤਾ, ਗਾਹਕ ਪਸਿੱਤਾ——ਭਾਵ ਸਪੱਸ਼ਟ ਹੈ ਕਿ ਹੁਦਾਰ ਲੈ ਕੇ ਗਾਹਕ ਮੁੜਕੇ ਦੁਕਾਨ 'ਤੇ ਨਹੀਂ ਆਉਂਦਾ।

ਹੁੰਦੇ ਦਾ ਨਾਂ ਹਿੰਦੂ ਹੈ——ਗ਼ਰੀਬ ਆਦਮੀ ਨੇ ਕੀ ਦਾਨ ਕਰਨਾ ਹੋਇਆ, ਉਹੀ ਦਾਨ ਕਰ ਸਕਦਾ ਹੈ ਜਿਸ ਦੇ ਪੱਲੇ ਕੁਝ ਹੋਵੇ।

ਹੂੰ ਨਾ ਕਰੋ, ਸਾਧੇ ਮਾਰਦੀ ਐ——ਜਦੋਂ ਕੋਈ ਵਿਅਕਤੀ ਬਿਨਾਂ ਕਿਸੇ ਕਾਰਨ ਹੀ ਗੁੱਸੇ ਹੋਈ ਜਾਵੇ, ਉਦੋਂ ਇੰਜ ਆਖਦੇ ਹਨ।

ਹੇਠਾਂ ਨਾ ਉੱਤੇ ਮੈਂ ਅੱਧ ਵਿੱਚ ਸੌਂਦੀ ਆਂ——ਜਦੋਂ ਕੋਈ ਅਯੋਗ ਜਿਹੀ ਮੰਗ ਕਰਕੇ ਅਢੁੱਕਵਾਂ ਹੱਠ ਕਰੇ, ਉਦੋਂ ਆਖਦੇ ਹਨ।

ਹੇਠਾਂ ਮਸੀਤ ਉੱਤੇ ਠਾਕਰ ਦਵਾਰਾ——ਦੋ ਅਣ-ਢੁੱਕਵੀਆਂ ਗੱਲਾਂ ਦੇ ਮੇਲ ਨੂੰ ਵੇਖ ਕੇ ਇਹ ਅਖਾਣ ਅਕਸਰ ਵਰਤਿਆ ਜਾਂਦਾ ਹੈ।

ਹੋਇਆ ਤਾਂ ਈਦ, ਨਹੀਂ ਤਾਂ ਰੋਜ਼ਾ——ਇਹ ਅਖਾਣ ਉਹਨਾਂ ਵਿਅਕਤੀਆਂ ਦੀ ਮਾਨਸਿਕ ਦਿਸ਼ਾ ਦਾ ਵਰਨਣ ਕਰਦਾ ਹੈ ਜਿਹੜੇ ਪੈਸੇ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ ਮੁੱਕਣ ਮਗਰੋਂ ਭੁੱਖਾਂ ਕੱਟਦੇ ਹਨ।

ਹੋਛਾ ਕੀ ਸਵਾਰੇ, ਇਕ ਵਾਰੀ ਕਰੇ ਸੌ ਵਾਰੀ ਪਤਾਰੇ——ਇਸ ਅਖਾਣ ਦਾ ਭਾਵ

ਲੋਕ ਸਿਆਣਪਾਂ/54