ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰਨ ਤੇ ਰੌਲ਼ਾ ਰੱਪਾ ਪੈ ਜਾਵੇ ਤੇ ਅੱਗੋਂ ਲਈ ਕੋਈ ਅਜਿਹੀ ਗੱਲ ਕਰਨ ਤੋਂ ਤੋਬਾ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਕੰਨਾਂ ਦਾ ਕੱਚਾ ਕਦੇ ਨਾ ਹੋਵੇ ਸੱਚਾ——ਇਹ ਅਖਾਣ ਉਸ ਵਿਅਕਤੀ ਲਈ ਵਰਤਦੇ ਹਨ ਜੋ ਬਿਨਾਂ ਸੋਚੇ ਸਮਝੇ ਹਰ ਕਿਸੇ ਦੀ ਗੱਲ 'ਤੇ ਇਤਬਾਰ ਕਰ ਲਵੇ।

ਕਪਟੀ ਦਾ ਬੋਲਿਆ, ਕੁਸੱਤੀ ਦਾ ਤੋਲਿਆ, ਕਦੇ ਨਾ ਹੋਵੇ ਪੂਰਾ——ਭਾਵ ਇਹ ਹੈ ਕਿ ਧੋਖੇਬਾਜ਼ ਦਾ ਆਖਿਆ ਕਦੀ ਸੱਚ ਨਹੀਂ ਹੁੰਦਾ, ਉਹ ਬਚਨ ਤੋਂ ਮੁੱਕਰ ਜਾਂਦਾ ਹੈ ਅਤੇ ਬੇਈਮਾਨ ਤੋਲਣ ਵਾਲ਼ੇ ਦਾ ਮਾਲ ਤੋਲ ਵਿੱਚ ਪੂਰਾ ਨਹੀਂ ਉਤਰਦਾ।

ਕਪੜਾ ਆਖੇ ਤੂੰ ਮੈਨੂੰ ਰੱਖ, ਮੈਂ ਤੈਨੂੰ ਰੱਖਸਾਂ——ਭਾਵ ਅਰਥ ਇਹ ਹੈ ਕਿ ਸਾਫ਼ ਸੁਥਰੇ ਤੇ ਉੱਜਲੇ ਕਪੜੇ ਪਹਿਨਣ ਵਾਲ਼ੇ ਬੰਦੇ ਦਾ ਹਰ ਥਾਂ ਸਤਿਕਾਰ ਤੇ ਸਨਮਾਨ ਹੁੰਦਾ ਹੈ।

ਕਪਾਹ ਫੁੱਟੀ, ਜਿੱਥੇ ਧਰੀ ਉਥੋਂ ਲੁੱਟੀ——ਇਸ ਅਖਾਣ ਦਾ ਭਾਵ ਇਹ ਹੈ ਕਿ ਚੰਗੀ ਵਸਤੂ ਦਾ ਹਰ ਕੋਈ ਲਾਗੂ ਹੁੰਦਾ ਹੈ ਤੇ ਉਹ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ।

ਕਬਰ ਚੂਨੇ ਗੱਚ, ਮੁਰਦਾ ਬੇਈਮਾਨ——ਜਦੋਂ ਕੋਈ ਬੰਦਾ ਆਪਣੀਆਂ ਕਰਤੂਤਾਂ ਨੂੰ ਲੁਕਾਉਣ ਲਈ ਲਿੱਪਾ-ਪੋਚੀ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੰਮ ਨਾ ਕਾਜ ਵੈਰੀ ਰੋਟੀਆਂ ਦਾ——ਇਹ ਅਖਾਣ ਉਸ ਨਿਕੰਮੇ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਕੋਈ ਕੰਮ-ਕਾਰ ਨਾ ਕਰੇ ਤੇ ਘਰਦਿਆਂ ਦੀਆਂ ਰੋਟੀਆਂ ਛਕਦਾ ਰਹੇ।

ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ——ਭਾਵ ਇਹ ਹੈ ਕਿ ਮਾਲਕ ਆਪਣੇ ਨੌਕਰਾਂ ਪਾਸੋਂ ਪੂਰਾ ਕੰਮ ਲੈਣ ਦਾ ਯਤਨ ਕਰਦਾ ਹੈ। ਨਿਕੰਮੇ ਤੇ ਆਲਸੀ ਨੌਕਰਾਂ ਨੂੰ ਕੋਈ ਮਾਲਕ ਪਸੰਦ ਨਹੀਂ ਕਰਦਾ।

ਕੰਮ ਰਹੇ ਤਾਂ ਕਾਜ਼ੀ, ਨਹੀਂ ਤਾਂ ਪਾਜੀ——ਇਸ ਅਖਾਣ ਰਾਹੀਂ ਆਮ ਲੋਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਜਿਹੜੇ ਲੋਕ ਆਪਣੇ ਨਿੱਜੀ ਕੰਮ ਦੀ ਪੂਰਤੀ ਲਈ ਕੰਮ ਆਉਣ ਵਾਲੇ਼ ਬੰਦੇ ਦਾ ਮਾਣ ਸਤਿਕਾਰ ਕਰਦੇ ਹਨ ਤੇ ਕੰਮ ਹੋਣ ਮਗਰੋਂ ਉਸ ਨੂੰ ਭੁੱਲ ਜਾਂਦੇ ਹਨ। ਭਾਵ ਇਹ ਹੈ ਕਿ ਲੋਕ ਮਤਲਬ-ਪ੍ਰੱਸਤ ਹਨ।

ਕਮਾਦਾਂ ਵਿੱਚੋਂ ਹੀ ਕਾਂਗਿਆਰੀਆਂ ਨਿਕਲਦੀਆਂ ਹਨ——ਇਸ਼ ਅਖਾਣ ਦਾ ਭਾਵ ਇਹ ਹੈ ਕਿ ਕਈ ਵਾਰ ਚੰਗੇ ਖ਼ਾਨਦਾਨਾਂ ਵਿੱਚੋਂ ਵੀ ਮਾੜੇ ਬੰਦੇ ਨਿਕਲ ਆਉਂਦੇ ਹਨ, ਜਿਹੜੇ ਆਪਣੇ ਮਾਪਿਆਂ ਦਾ ਨਾਂ ਬਦਨਾਮ ਕਰਦੇ ਹਨ।

ਕਰ ਸੇਵਾ ਖਾ ਮੇਵਾ——ਭਾਵ ਸਪੱਸ਼ਟ ਹੈ ਕਿ ਸੇਵਾ ਕਰਨ ਵਾਲੇ਼ ਨੂੰ ਸੇਵਾ ਦਾ ਫ਼ਲ ਜ਼ਰੂਰ ਮਿਲਦਾ ਹੈ।

ਲੋਕ ਸਿਆਣਪਾਂ/58