ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਪਰੇ ਨੂੰ ਅਵੀਂ ਘਰੇ ਨੂੰ——ਭਾਵ ਇਹ ਹੈ ਕਿ ਕਿਸੇ ਦਾ ਬੁਰਾ ਕਰਨ ਵਾਲ਼ੇ ਦੀ ਆਪਣੀ ਉਲਾਦ ਸੁਖੀ ਨਹੀਂ ਰੰਹਿਦੀ।

ਕਰ ਮਜ਼ੂਰੀ ਖਾ ਚੂਰੀ——ਭਾਵ ਸਪੱਸ਼ਟ ਹੈ ਕਿ ਮਿਹਨਤ ਕਰਨ ਨਾਲ਼ ਸਫ਼ਲਤਾ ਪ੍ਰਾਪਤ ਹੁੰਦੀ ਹੈ ਤੇ ਢਿੱਡ ਭਰ ਕੇ ਖਾਣ ਨੂੰ ਮਿਲਦਾ ਹੈ।

ਕਰਮਹੀਣ ਕੇ ਖੇਤੀ ਕਰੇ, ਗੜੇ ਪੈਣ ਜਾਂ ਬੈਲ ਮਰੇ——ਭਾਵ ਇਹ ਹੈ ਕਿ ਜਿਸ ਦੇ ਨਸੀਬ ਚੰਗੇ ਨਹੀਂ ਉਸ ਦੇ ਯਤਨਾਂ ਨੂੰ ਫ਼ਲ ਨਹੀਂ ਲੱਗਦਾ। ਇਹ ਅਖਾਣ ਮਨ ਦੀ ਸੰਤੁਸ਼ਟਤਾ ਲਈ ਵਰਤਿਆ ਜਾਂਦਾ ਹੈ।

ਕਰਮਾਂ ਦੀ ਗਤ ਨਿਆਰੀ——ਭਾਵ ਇਹ ਹੈ ਕਿ ਕਿਸੇ ਦੇ ਭਾਗਾਂ ਵਿੱਚ ਕੀ ਹੈ ਉਸ ਬਾਰੇ ਕੁਝ ਪਤਾ ਨਹੀਂ।

ਕਰਮ ਫਲਣ ਤਾਂ ਸਭ ਫਲਣ, ਭੀਖ ਬਣਜ਼ ਵਿਉਪਾਰ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਕਿਸੇ ਦੇ ਭਾਗ਼ ਚੰਗੇ ਹੋਣ ਤਾਂ ਉਸ ਨੂੰ ਭੀਖ ਮੰਗਣ ਅਤੇ ਵਿਉਪਾਰ ਵਿੱਚ ਵੀ ਲਾਭ ਪ੍ਰਾਪਤ ਹੁੰਦਾ ਹੈ।

ਕਰਮਾਂ ਵਾਲੀ ਨੂੰਹ, ਕੰਧ ਵੱਲ ਮੂੰਹ——ਇਹ ਅਖਾਣ ਉਸ ਵਿਅਕਤੀ ਬਾਰੇ ਵਰਤਿਆ ਜਾਂਦਾ ਹੈ ਜੋ ਘਰ ਆਏ ਪ੍ਰਾਹੁਣਿਆਂ ਦਾ ਸਤਿਕਾਰ ਨਹੀਂ ਕਰਦਾ।

ਕਰੇ ਕੋਈ ਤੇ ਭਰੇ ਕੋਈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੇ ਦੋਸ਼ ਦੀ ਸਜ਼ਾ ਕਿਸੇ ਹੋਰ ਬੰਦੇ ਨੂੰ ਭੁਗਤਣੀ ਪਵੇ।

ਕਰੋ ਮਨ ਦੀ ਸੁਣੋ ਸਭ ਦੀ——ਭਾਵ ਇਹ ਹੈ ਕਿ ਭਾਵੇਂ ਆਪਣੀ ਮਰਜ਼ੀ ਕਰੋ ਪ੍ਰੰਤੂ ਸਭ ਦੀ ਰਾਏ ਜ਼ਰੂਰ ਲਵੋ।

ਕੱਲ੍ਹ ਜੰਮੀ ਗਿੱਦੜੀ ਅੱਜ ਹੋਇਆ ਵਿਆਹ——ਜਦੋਂ ਕੋਈ ਛੋਟੀ ਆਯੂ (ਉਮਰ) ਦਾ ਬੰਦਾ ਵੱਡੇ-ਵੱਡੇ ਕੰਮਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ।

ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ——ਜਦੋਂ ਕੋਈ ਮਾਮੂਲੀ ਹੈਸੀਅਤ ਵਾਲ਼ਾ ਬੰਦਾ ਵੱਡੇ-ਵੱਡੇ ਹੱਕ ਜਤਾਉਣ ਦਾ ਉਪਰਾਲਾ ਕਰੇ, ਉਦੋਂ ਕਹਿੰਦੇ ਹਨ।

ਕੱਲ੍ਹ ਦੇ ਮੋਏ, ਕੱਲ੍ਹ ਦੱਬੇ ਗਏ——ਬੀਤ ਗਏ ਸਮੇਂ ਦੀ ਗੱਲ ਛੱਡੋ, ਅੱਜ ਦੀ ਗੱਲ ਕਰੋ।

ਕੱਲ੍ਹ ਨਾਮ ਕਾਲ ਦਾ——ਭਾਵ ਇਹ ਹੈ ਕਿ ਕੱਲ੍ਹ ਨੂੰ ਆਉਣ ਵਾਲ਼ੇ ਸਮੇਂ ਦਾ ਕੋਈ ਭਰੋਸਾ ਨਹੀਂ ਪਤਾ ਨਹੀਂ ਕੀ ਵਾਪਰ ਜਾਵੇ।

ਕਵਾਰਾ ਰੁੱਸੇ ਤੇ ਰੰਨ ਲੋੜੇ, ਵਿਆਹਿਆਂ ਰੁੱਸੇ ਤਾਂ ਵਖੇਵਾਂ——ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਜੇ ਕੁਆਰਾ ਮੁੰਡਾ ਰੁਸਦਾ ਹੈ ਤਾਂ ਉਹ ਵਿਆਹ ਕਰਾਉਣਾ ਚਾਹੁੰਦਾ ਹੈ ਜੇ ਵਿਆਹਿਆ ਰੁੱਸੇ ਤਾਂ ਉਹ ਅੱਡ ਹੋਣਾ ਲੋਚਦਾ ਹੈ।

ਲੋਕ ਸਿਆਣਪਾਂ/59