ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੌਡੀ ਨਹੀਂ ਪਾਸ, ਤਾਂ ਮੇਲਾ ਲੱਗੇ ਉਦਾਸ——ਭਾਵ ਇਹ ਹੈ ਕਿ ਜਦੋਂ ਜੇਬ ਵਿੱਚ ਪੈਸੇ ਨਾ ਹੋਣ ਤਾਂ ਮੌਜ ਮੇਲੇ ਦੀਆਂ ਰੌਣਕਾਂ ਚੰਗੀਆਂ ਨਹੀਂ ਲੱਗਦੀਆਂ।

ਕੌਣ ਸਾਹਿਬ ਨੂੰ ਕਹੇ, ਇੰਜ ਨਹੀਂ ਇੰਜ ਕਰ——ਭਾਵ ਇਹ ਹੈ ਕਿ ਪ੍ਰਮਾਤਮਾ ਦੇ ਭਾਣੇ ਵਿੱਚ ਕੋਈ ਦਖ਼ਲ ਨਹੀਂ ਦੇ ਸਕਦਾ, ਉਹ ਜਿਵੇਂ ਚਾਹੇ ਕਰੇ।

ਕੌਣ ਸੁਖੀ, ਜਿਸ ਦੀ ਜਾਈ ਸੁੱਖੀ——ਭਾਵ ਸਪੱਸ਼ਟ ਹੈ ਕਿ ਜੇਕਰ ਧੀ ਸੁੱਖਾਂ ਵਿੱਚ ਵਸਦੀ ਹੋਵੇ ਤਾਂ ਮਾਪਿਆਂ ਦੇ ਮਨ ਨੂੰ ਸ਼ਾਂਤੀ ਆਉਂਦੀ ਹੈ।

ਕੌਣ ਕਹੇ ਪਰਭਾਣੀ ਅੱਗਾ ਢੱਕ——ਭਾਵ ਇਹ ਹੈ ਕਿ ਵੱਡਿਆਂ ਤੇ ਤਕੜਿਆਂ ਨੂੰ ਭੁੱਲ ਕਰਦਿਆਂ ਵੇਖ ਕੇ ਕੋਈ ਉਹਨਾਂ ਨੂੰ ਟੋਕ ਨਹੀਂ ਸਕਦਾ, ਨਾ ਹੀ ਵਰਜ ਸਕਦਾ ਹੈ।

ਕੌਣ ਤੇ ਕੌਣ ਹੀ ਸਹੀ——ਜਦੋਂ ਕੋਈ ਬੰਦਾ ਆਪਣੀ ਆਈ ਤੇ ਆ ਕੇ ਆਪਣੀ ਮਨਮਰਜ਼ੀ ਕਰਨ ਲਈ ਕੋਈ ਬਹਾਨਾ ਲੱਭ ਰਿਹਾ ਹੋਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੌਰ (ਕਬੀਰ) ਚੂਨੇ ਵਿੱਚ ਮੁਰਦਾ ਬੇਈਮਾਨ——ਕਿਸੇ ਭੈੜੇ ਚਾਲ ਚਲਣ ਵਾਲ਼ੇ ਬੰਦੇ ਦੀ ਬਾਹਰੋਂ ਕੀਤੀ ਪੋਚਾ-ਪੋਚੀ ਵਾਲ਼ੀ ਸੂਰਤ ਵੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ।

ਖਸਮ ਕਰ ਵਿਗੁੱਤੀ ਨਾ ਸਿਰ ਪਰਾਂਦਾ ਨਾ ਪੈਰੀਂ ਜੁੱਤੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਮਿਹਨਤ ਵਾਲ਼ਾ ਕੰਮ ਜਾਂ ਘਟੀਆ ਕੰਮ ਕਰਨ ਮਗਰੋਂ ਵੀ ਮੰਦੇ ਹਾਲੀਂ ਰਹੇ।

ਖਸਮ ਨਾਨੀ ਕਰੇ ਦੋਹਤਾ ਚੱਟੀ ਭਰੇ——ਜਦੋਂ ਕਿਸੇ ਬੰਦੇ ਦੀ ਗ਼ਲਤੀ ਦੀ ਸਜ਼ਾ ਕਿਸੇ ਹੋਰ ਨੂੰ ਭੁਗਤਣੀ ਪਵੇ, ਉਦੋਂ ਇੰਜ ਆਖਦੇ ਹਨ।

ਖਸਮ ਕੀਤਾ ਚੁਗੱਤਾ, ਉਹੀ ਚੱਕੀ ਉਹੀ ਹੱਥਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਕੋਈ ਪੁਰਸ਼ ਆਪਣੀ ਹਾਲਤ ਸੁਧਾਰਨ ਲਈ ਕੋਈ ਹੋਰ ਕੰਮ ਕਰਦਾ ਹੈ ਪੰਤੁ ਅਜਿਹਾ ਕਰਨ ਮਗਰੋਂ ਵੀ ਹਾਲਾਤ ਪਹਿਲਾਂ ਵਾਲੇ ਹੀ ਰਹਿੰਦੇ ਹਨ।

ਖਸਮ ਦਾ ਕੁੱਤਾ ਸਰ੍ਹਾਣੇ ਸੁੱਤਾ——ਭਾਵ ਇਹ ਹੈ ਕਿ ਵੱਡੇ ਆਦਮੀ ਦੀ ਹਰ ਵਸਤੂ ਦੀ ਕਦਰ ਹੁੰਦੀ ਹੈ।

ਖਜੂਰ ਤੇ ਚੜ੍ਹੇ ਨੂੰ ਦੋ ਦੋ ਦਿਸਦੇ ਹਨ——ਭਾਵ ਇਹ ਹੈ ਕਿ ਧਨ-ਦੌਲਤ ਦੇ ਨਸ਼ੇ ਵਿੱਚ ਅਮੀਰ ਲੋਕ ਆਮ ਤੇ ਗ਼ਰੀਬ ਲੋਕਾਂ ਨੂੰ ਟਿਚ ਕਰਕੇ ਜਾਣਦੇ ਹਨ।

ਖਜੂਰਾਂ ਦੀ ਸ਼ੀਰਨੀ ਬਣੇ ਬਣਾਏ ਗਰਾਹ——ਜਦੋਂ ਕੋਈ ਬੰਦਾ ਨਫ਼ੇ ਵਾਲ਼ੇ ਸੌਦੇ ਦੀ ਆਸ ਵਿੱਚ ਘਾਟੇ ਵਾਲ਼ਾ ਸੌਦਾ ਕਰ ਲਵੇ, ਉਦੋਂ ਇਹ ਅਖਾਣ ਬੋਲਦੇ ਹਨ

ਲੋਕ ਸਿਆਣਪਾਂ/66