ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ

ਲੋਕ ਸਾਹਿਤ ਆਦਿ ਕਾਲ ਤੋਂ ਹੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ਼ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ। ਲੋਕ ਸਾਹਿਤ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁੱਜਦਾ ਹੈ। ਇਹ ਸਾਡੇ ਇਤਿਹਾਸ ਅਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹੀ ਨਹੀਂ ਸਗੋਂ ਮਾਣ ਕਰਨ ਯੋਗ ਅਤੇ ਸਾਂਭਣ ਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣ, ਮੁਹਾਵਰੇ, ਲੋਕ ਬੁਝਾਰਤਾਂ, ਲੋਕ ਨਾਚ ਅਤੇ ਲੋਕ ਖੇਡਾਂ ਪੰਜਾਬੀ ਲੋਕ ਸਾਹਿਤ ਦੇ ਅਨਿਖੜਵੇਂ ਅੰਗ ਹਨ।

ਜਿੱਥੇ ਲੋਕ ਗੀਤ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਤੇ ਮੁਹਾਵਰੇ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ——ਇਹ ਉਹ ਬੇਸ਼ਕੀਮਤ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਦੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।

ਲੋਕ ਗੀਤਾਂ ਵਾਂਗ ਅਖਾਣ ਤੇ ਮੁਹਾਵਰੇ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧ ਕੇ ਜੀਵਨ ਪਰਵਾਹ ਵਿੱਚ ਰਲ਼ ਜਾਂਦੇ ਹਨ।

ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ਼ ਜੁੜ ਗਏ ਹਨ। ਖੇਤੀ-ਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਊਬਵੈਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ-ਘਰ ਰੇਡੀਓ ਤੇ ਟੈਲੀਵਿਜ਼ਨ ਸੁਣਾਈ ਦੇਂਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰੀਂ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਵੇਂ ਲੋਕ ਮਿਲ਼ ਬੈਠਦੇ ਹਨ, ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ ਨਾ ਹੀ ਬਲਦਾਂ ਦੇ ਗਲ਼ਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ। ਪੰਜਾਬ ਦੇ ਲੋਕ ਜੀਵਨ

5