ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਲੋਣ ਨੂੰ ਥਾਂ ਮਿਲੇ, ਬਹਿਣ ਨੂੰ ਆਪੇ ਬਣਾ ਲਵਾਂਗੇ——ਇਹ ਅਖਾਣ ਉਹਨਾਂ ਬੰਦਿਆਂ ਲਈ ਵਰਤਿਆ ਜਾਂਦਾ ਹੈ ਜਿਹੜੇ ਥੋੜ੍ਹਾ ਜਿਹਾ ਲਿਹਾਜ਼ ਮਿਲਣ ਮਗਰੋਂ ਵਧੇਰੀਆਂ ਸਹੂਲਤਾਂ ਭਾਲਦੇ ਹਨ।

ਖਵਾਜੇ ਦਾ ਗਵਾਹ ਡੱਡੂ——ਜਦੋਂ ਕੋਈ ਝੂਠੇ ਬੰਦੇ ਦਾ, ਉਹਦੇ ਵਰਗਾ ਝੂਠਾ ਬੰਦਾ, ਸਾਥ ਦੇਵੇ ਉਦੋਂ ਇੰਜ ਆਖਦੇ ਹਨ।

ਖਾਗੇ ਘਰ ਵਾਲ਼ੇ ਨਾ ਪ੍ਰਾਹੁਣਿਆਂ ਦਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਬਾਹਰੀ ਤੌਰ 'ਤੇ ਖ਼ਰਚ ਕਰਵਾਉਣ ਵਾਲ਼ਾ ਕੋਈ ਹੋਰ ਨਜ਼ਰ ਆਵੇ ਪ੍ਰੰਤੂ ਅਸਲੀ ਖ਼ਰਚਾ ਕਰਵਾਉਣ ਵਾਲ਼ਾ ਕੋਈ ਹੋਰ ਹੋਵੇ।

ਖਾ ਗਏ ਰੰਗ ਲਾ ਗਏ, ਜੋੜ ਗਏ ਸੋ ਰੋੜ੍ਹ ਗਏ——ਇਹ ਅਖਾਣ ਉਹਨਾਂ ਕੰਜੂਸਾਂ ਤੇ ਵਿਅੰਗ ਕਸਦਾ ਹੈ ਜਿਹੜੇ ਕੰਜੂਸੀ ਨਾਲ਼ ਧਨ ਜੋੜਦੇ ਹਨ ਪ੍ਰੰਤੂ ਖਾਣ-ਪੀਣ ਵਾਲ਼ੇ ਬੰਦੇ ਰੁਪਏ ਪੈਸੇ ਦੀ ਖੁੱਲ੍ਹੀ ਵਰਤੋਂ ਕਰਕੇ ਐਸ਼ ਭਰੀ ਜ਼ਿੰਦਗੀ ਬਤੀਤ ਕਰਦੇ ਹਨ।

ਖਾਈਏ ਕਣਕ ਦਾਲ, ਜਿਹੜੀ ਨਿਭੇ ਨਾਲ——ਇਸ ਅਖਾਣ ਵਿੱਚ ਮਹਿੰਗੇ ਸਵਾਦੀ ਭੋਜਨਾਂ ਦਾ ਸੇਵਨ ਕਰਨ ਦੀ ਥਾਂ ਸਾਦਾ ਦਾਲ ਫੁਲਕਾ ਛਕ ਕੇ ਗੁਜ਼ਾਰਾ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ।

ਖਾਈਏ ਮਨ ਭਾਉਂਦਾ, ਪਹਿਨੀਏ ਜਗ ਭਾਉਂਦਾ——ਇਸ ਅਖਾਣ ਵਿੱਚ ਸਮਾਜਿਕ ਸਥਿਤੀ ਅਨੁਸਾਰ ਕੱਪੜੇ ਲੀੜੇ ਪਹਿਨਣ ਦਾ ਉਪਦੇਸ਼ ਦਿੱਤਾ ਗਿਆ ਹੈ। ਕੱਪੜੇ ਉਹੀ ਪਹਿਨਣੇ ਚਾਹੀਦੇ ਹਨ ਜਿਹੜੇ ਆਮ ਲੋਕਾਂ ਨੂੰ ਚੰਗੇ ਲੱਗਦੇ ਹਨ।

ਖਾ ਔਤਰਿਆਂ ਦਾ ਮਾਲ ਤੇ ਅਗਲੇ ਨੂੰ ਵੀ ਗਾਲ਼——ਜਦੋਂ ਕਿਸੇ ਨੂੰ ਬਿਨਾਂ ਮਿਹਨਤ ਤੋਂ ਮਿਲੀ ਹਰਾਮ ਦੀ ਕਮਾਈ ਹਜ਼ਮ ਨਾ ਹੋਵੇ ਤੇ ਉਹ ਦੀ ਪਹਿਲੀ ਕਮਾਈ ਨੂੰ ਵੀ ਗਾਲ਼ ਦੇਵੇ, ਉਦੋਂ ਇਹ ਅਖਾਣ ਵਰਤਦੇ ਹਨ।

ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਡੋਰੀ——ਜਦੋਂ ਕੋਈ ਬੰਦਾ ਖਾਣ-ਪੀਣ ਨੂੰ ਤਾਂ ਹਰ ਵੇਲੇ ਤਿਆਰ ਰਹੇ ਪ੍ਰੰਤੂ ਕੰਮ ਕਰਨ ਸਮੇਂ ਕੋਈ ਬਹਾਨਾ ਲਾ ਦੇਵੇ, ਉਦੋਂ ਇਹ ਅਖਾਣ ਵਰਤਦੇ ਹਨ।

ਖਾਣ ਨੂੰ ਦੋ ਦੋ ਮੰਨੀਆਂ, ਕੰਮ ਕਰਨ ਨੂੰ ਬਾਹਾਂ ਭੰਨੀਆਂ——ਇਸ ਅਖਾਣ ਦਾ ਭਾਵ ਅਰਥ ਉਪਰੋਕਤ ਅਖਾਣ ਵਾਲਾ ਹੀ ਹੈ।

ਖਾਣ-ਪੀਣ ਨੂੰ ਬਾਹਮਣੀ, ਜੁੱਤੀਆਂ ਖਾਣ ਨੂੰ ਬਰਵਾਲੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਕੰਮ ਦਾ ਲਾਭ ਆਪ ਉਠਾਵੇ ਅਤੇ ਔਖ ਆਉਣ ਸਮੇਂ ਕਿਸੇ ਹੋਰ ਨੂੰ ਅੱਗੇ ਕਰ ਦੇਵੇ।

ਖਾਣ ਨੂੰ ਲੱਛੋ ਬਾਂਦਰੀ, ਧੌਣ ਭਨਾਣ ਨੂੰ ਕੱਟਾ——ਇਹ ਅਖਾਣ ਉਪਰੋਕਤ ਅਨੁਸਾਰ ਹੀ ਹੈ।

ਲੋਕ ਸਿਆਣਪਾਂ/68