ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁੱਸੇ ਨਾ ਖੁਸਾਵੇ, ਝੰਡੂ ਉਘਰ ਉਘਰ ਆਵੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਹੋਛਾ ਬੰਦਾ ਧੌਂਸ ਤਾਂ ਬਹੁਤ ਜਮਾਏ ਅਤੇ ਵਾਰ-ਵਾਰ ਵੰਗਾਰੇ ਪ੍ਰੰਤੂ ਉਹ ਕਿਸੇ ਦਾ ਕੁਝ ਵਿਗਾੜਨ ਦੇ ਸਮਰੱਥ ਨਾ ਹੋਵੇ।

ਖੁਡੋਂ ਨਿਕਲੇ ਢਕ-ਮਕੌੜੇ, ਆਪੋ ਆਪਣੇ ਰਾਹੀਂ ਦੌੜੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਔਲਾਦ ਆਪਣੇ-ਆਪਣੇ ਕੰਮਾਂ ਵਿੱਚ ਰੁਝ ਕੇ ਆਪਣੇ-ਆਪਣੇ ਵੱਖਰੇ ਘਰਾਂ ਵਿੱਚ ਵਸਣ ਲੱਗ ਜਾਵੇ।

ਖੁਦਾ ਨੇੜੇ ਕਿ ਘਸੁੰਨ——ਇਸ ਅਖਾਣ ਦਾ ਭਾਵ ਇਹ ਹੈ ਕਿ ਧੱਕੜ ਬੰਦੇ ਆਮ ਬੰਦਿਆਂ ਨੂੰ ਧੌਸ ਦੇ ਕੇ ਧਮਕਾਉਂਦੇ ਰਹਿੰਦੇ ਹਨ ਕਿ ਤੁਹਾਡੀ ਰੱਖਿਆ ਕਰਨ ਵਾਲ਼ਾ ਤਾਂ ਦੂਰ ਹੈ ਤੇ ਸਾਡਾ ਘਸੁੰਨ ਨੇੜੇ ਹੈ।

ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ——ਜਦੋਂ ਕਿਸੇ ਦਾ ਕਮਾਇਆ ਹੋਇਆ ਧਨ ਉਸ ਦੀ ਕਮਾਈ ਦੇ ਸਾਧਨਾਂ 'ਤੇ ਖ਼ਰਚ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਖੂਹ ਪੁਟਦੇ ਨੂੰ ਖਾਤਾ ਤਿਆਰ——ਭਾਵ ਇਹ ਹੈ ਕਿ ਜਿਹੜਾ ਬੰਦਾ ਕਿਸੇ ਦਾ ਬੁਰਾ ਕਰਦਾ ਹੈ, ਉਸ ਦਾ ਆਪਣਾ ਹਾਲ ਵੀ ਬੁਰਾ ਹੋ ਜਾਂਦਾ ਹੈ।

ਖੂਨ ਸਿਰ ਚੜ੍ਹਕੇ ਬੋਲਦਾ ਹੈ——ਭਾਵ ਇਹ ਹੈ ਕਿ ਕੋਈ ਲੁਕ ਕੇ ਕੀਤਾ ਹੋਇਆ ਜ਼ੁਰਮ ਆਖ਼ਰ ਨੰਗਾ ਹੋ ਹੀ ਜਾਂਦਾ ਹੈ। ਖ਼ੂਨੀ ਕਦੇ ਨਾ ਕਦੇ ਕੀਤੇ ਖ਼ੂਨ ਦਾ ਪਰਦਾ ਜ਼ਾਹਰ ਕਰ ਦਿੰਦਾ ਹੈ।

ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ——ਇਸ ਅਖਾਣ ਵਿੱਚ ਮੁੱਕ ਰਹੀਆਂ ਖੇਡਾਂ ਅਤੇ ਮਾਂ ਦੀ ਵਡਿਆਈ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।

ਖੇਤੀ ਖਸਮਾਂ ਸੇਤੀ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਜ਼ਮੀਨ ਦਾ ਮਾਲਕ ਆਪ ਖੇਤੀ-ਬਾੜੀ ਦੀ ਸਾਂਭ ਸੰਭਾਲ ਨਾ ਕਰੇ ਤਾਂ ਖੇਤੀ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ।

ਖੋਟਾ ਪੈਸਾ ਤੇ ਨਾਲਾਇਕ ਪੁੱਤਰ ਵੇਲੇ ਸਿਰ ਕੰਮ ਆਉਂਦੇ ਹਨ——ਭਾਵ ਇਹ ਹੈ ਕਿ ਕਈ ਵਾਰ ਨਖਿੱਧ ਤੇ ਨਕੰਮੀ ਵਸਤੂ ਵੀ ਕੰਮ ਸਾਰ ਦਿੰਦੀ ਹੈ।

ਖੋਤੀ ਤਸੀਲੋਂ ਹੋ ਕੇ ਆਈ ਐ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਹੋਛੇ ਬੰਦੇ ਦਾ ਕਿਸੇ ਨਾਮਵਰ ਹਸਤੀ ਨਾਲ਼ ਮੇਲ ਹੋ ਜਾਵੇ ਤੇ ਇਸੇ ਮੇਲ ਸਦਕਾ ਉਹ ਆਕੜਿਆ ਫਿਰੇ ਤੇ ਲੋਕਾਂ ਨੂੰ ਟਿੱਚ ਸਮਝੇ।

ਖੋਤੇ ਚੜ੍ਹੀ ਲੱਤਾਂ ਲਮਕਦੀਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਕੋਈ ਵੱਡੀ ਬਦਨਾਮੀ ਹੋਣ ਮਗਰੋਂ ਛੋਟੀ ਬਦਨਾਮੀ ਤੋਂ ਡਰਨ ਦੀ ਕੀ ਲੋੜ ਹੈ। ਜਦੋਂ ਕੋਈ ਖੇਤੇ ਤੇ ਚੜ੍ਹ ਹੀ ਗਿਆ ਫਿਰ ਲਮਕਦੀਆਂ ਲੱਤਾਂ ਦਾ ਕਾਹਦਾ ਮਿਹਣਾ।

ਲੋਕ ਸਿਆਣਪਾਂ/70