ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖੋਤੇ ਚੜ੍ਹੀ ਪਰ ਕੁੜਮਾਂ ਦੇ ਮਹੱਲੇ ਨਹੀਂ ਗਈ——ਜਦੋਂ ਕੋਈ ਬਹੁਤ ਸਾਰੀ ਬੇਇੱਜ਼ਤੀ ਹੋਣ ਮਗਰੋਂ ਆਪਣੇ ਮਨ ਨੂੰ ਤਸੱਲੀ ਦੇਣ ਲਈ ਇਹ ਆਖੇ ਕਿ ਉਸ ਦੇ ਸ਼ਰੀਕਾਂ ਨੇ ਉਸ ਨੂੰ ਨਹੀਂ ਵੇਖਿਆ, ਉਦੋਂ ਇਹ ਅਖਾਣ ਬੋਲਦੇ ਹਨ।

ਖੋਤੇ ਦੀ ਮੌਜ ਟੀਟਣੇ——ਜਦੋਂ ਕੋਈ ਸ਼ਰਾਬੀ ਜਾਂ ਮੂਰਖ਼ ਮੌਜ ਵਿੱਚ ਆਇਆ ਖ਼ਰਮਸਤੀਆਂ ਕਰੇ, ਉਦੋਂ ਆਖਦੇ ਹਨ।

ਖੋਤੇ ਨੂੰ ਡਾਂਗ, ਸਿਆਣੇ ਨੂੰ ਇਸ਼ਾਰਾ——ਭਾਵ ਇਹ ਹੈ ਕਿ ਮੂਰਖ਼ ਬੰਦੇ ਨੂੰ ਕਰੜਾਈ ਵਰਤਣ ਨਾਲ਼ ਸਮਝ ਆਉਂਦੀ ਹੈ ਤੇ ਸਿਆਣਾ ਇਸ਼ਾਰੇ ਨਾਲ ਹੀ ਸਮਝ ਜਾਂਦਾ ਹੈ।

 ਗਉਂ ਨੂੰ ਘਾਹ ਤੇ ਛੱਡੀਦਾ ਹੈ, ਰੁੜੀ ਤੇ ਨਹੀਂ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀਆਂ ਦੇ ਰਿਸ਼ਤੇ ਖਾਂਦੇ-ਪੀਂਦੇ ਘਰਾਂ 'ਚ ਕਰਨੇ ਚਾਹੀਦੇ ਹਨ, ਭੁੱਖਿਆਂ ਨੰਗਿਆਂ ਦੇ ਨਹੀਂ।

ਗਏ ਊਠ ਇਜੜ ਰਲੇ——ਭਾਵ ਇਹ ਹੈ ਕਿ ਜਿਹੜਾ ਬੰਦਾ ਘਰੋਂ ਭੱਜ ਜਾਵੇ ਉਹ ਮਾੜੇ ਬੰਦਿਆਂ ਦੀ ਸੰਗਤ ਵਿੱਚ ਪੈ ਕੇ ਭੈੜਾ ਹੋ ਜਾਂਦਾ ਹੈ।

ਗਏ ਸਰਾਧ ਤੇ ਆਏ ਨਰਾਤੇ, ਬ੍ਰਾਹਮਣ ਛੁੱਟੇ ਨਾਈ ਫਾਥੇ——ਸਰਾਧਾਂ ਦੇ ਦਿਨਾਂ ਵਿੱਚ ਲੋਕੀਂ ਹਜ਼ਾਮਤ ਨਹੀਂ ਕਰਾਉਂਦੇ, ਸਰਾਧਾਂ ਮਗਰੋਂ ਨਰਾਤੇ ਆ ਜਾਂਦੇ ਹਨ ਤੇ ਲੋਕ ਹਜ਼ਾਮਤਾਂ ਕਰਾਉਣ ਲੱਗ ਜਾਂਦੇ ਹਨ, ਇਸ ਕਰਕੇ ਨਾਈਆਂ ਦਾ ਕੰਮ ਵੱਧ ਜਾਂਦਾ ਹੈ।

ਗਏ ਸਰਾਧ ਆਏ ਨਰਾਤੇ, ਬ੍ਰਾਹਮਣ ਫਿਰਦੇ ਚੁਪ ਚੁਪਾਤੇ——ਸਰਾਧਾਂ ਦੇ ਦਿਨਾਂ ਵਿੱਚ ਬ੍ਰਾਹਮਣਾਂ ਨੂੰ ਖਾਣ-ਪੀਣ ਦੀ ਮੌਜ ਲੱਗੀ ਰਹਿੰਦੀ ਹੈ ਤੇ ਨਰਾਤਿਆਂ ਵਿੱਚ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਇਸ ਸਥਿਤੀ ਕਾਰਨ ਵਿਅੰਗ ਵਜੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗਏ ਸੁਹਾਵੇ ਰੋਜੜੇ ਰਹਿ ਗਏ ਨੌਂ ਤੇ ਵੀਹ——ਜਦੋਂ ਅਜੇ ਬਹੁਤ ਸਾਰਾ ਕੰਮ ਕਰਨ ਗੋਚਰਾ ਪਿਆ ਹੋਵੇ, ਉਦੋਂ ਦਿਲ ਨੂੰ ਧਰਵਾਸਾ ਦੇਣ ਲਈ ਇਹ ਅਖਾਣ ਵਰਤਦੇ ਹਨ।

ਗਹਿਣੇ ਦਾ ਸ਼ਾਹ ਕਾਹਦਾ, ਵੱਟੇ ਦੀ ਕੁੜਮਾਈ ਕਾਹਦੀ——ਭਾਵ ਅਰਥ ਇਹ ਹੈ ਕਿ ਗਹਿਣੇ ਰੱਖਕੇ ਕਰਜ਼ ਲੈਣ ਤੇ ਵੱਟੇ ਸੱਟੇ ਵਿੱਚ ਵਿਆਹ ਕਰਵਾਉਣ ਨਾਲ ਕਿਸੇ ਤੇ ਕੋਈ ਅਹਿਸਾਨ ਨਹੀਂ।

ਗੰਗਾਂ ਗਈਆਂ ਹੱਡੀਆਂ ਕਦੇ ਨੀ ਮੁੜਦੀਆਂ——ਜਦੋਂ ਕੋਈ ਅਜਿਹਾ ਬੰਦਾ, ਜਿਹੜਾ ਕਿਸੇ ਦੀ ਚੀਜ਼ ਲਿਜਾ ਕੇ ਕਦੀ ਮੋੜਦਾ ਨਹੀਂ, ਜਦੋਂ ਕਿਸੇ ਪਾਸੋਂ ਕੋਈ ਵਸਤੁ ਮੰਗ ਕੇ ਲੈ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਲੋਕ ਸਿਆਣਪਾਂ/71