ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ——ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਲਾਭ ਲਈ ਪੈਂਤੜੇ ਬਦਲਦਾ ਰਹੇ ਅਤੇ ਮਾਹੌਲ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਲਵੇ।

ਗੰਜੀ ਗਈ ਪੇਕੇ, ਲੈ ਆਈ ਜੂੰਆਂ——ਜਦੋਂ ਕੋਈ ਮੂਰਖ਼ ਬੰਦਾ ਬਹੁਤ ਸਾਰੀ ਮਿਹਨਤ ਕਰਨ ਮਗਰੋਂ ਵੀ ਕੁਝ ਕਮਾ ਕੇ ਨਹੀਂ ਲਿਆਉਂਦਾ, ਉਦੋਂ ਇਹ ਅਖਾਣ ਬੋਲਦੇ ਹਨ।

ਗੱਡੇ ਨਾਲ਼ ਕੱਟਾ ਨਹੀਂ ਬੰਨ੍ਹਦਾ——ਜਦੋਂ ਕੋਈ ਸਾਹਮਣੇ ਪਈ ਵਸਤੂ ਨੂੰ ਬੇਥਵੇ ਬਹਾਨੇ ਲਾ ਕੇ ਦੇਣ ਤੋਂ ਇਨਕਾਰ ਕਰੇ, ਉਦੋਂ ਇਹ ਆਖਾਣ ਬੋਲਦੇ ਹਨ।

ਗਤ ਕਰਾੜੇ ਦੇ ਹੇਠ ਜੱਟੀ ਆਵੇ ਜਾਵੇ——ਭਾਵ ਇਹ ਹੈ ਕਿ ਜਦੋਂ ਕੋਈ ਤੀਵੀਂ ਆਪਣੇ ਘਰ ਵਾਲ਼ੇ ਤੋਂ ਚੋਰੀ ਕਿਸੇ ਦੁਕਾਨਦਾਰ ਕੋਲ ਆਪਣਾ ਕੋਈ ਜੇਵਰ ਜਾਂ ਵਸਤੂ ਆਦਿ ਗਹਿਣੇ ਧਰੇ ਤਾਂ ਉਸ ਨੂੰ ਦੁਕਾਨਦਾਰ ਦੀਆਂ ਸ਼ਰਤਾਂ ਮੰਨਣੀਆਂ ਹੀ ਪੈਂਦੀਆਂ ਹਨ।

ਗੰਦੀ ਉਂਗਲ ਨੂੰ ਵਢਣਾ ਚੰਗਾ——ਭਾਵ ਇਹ ਹੈ ਕਿ ਭੈੜੇ ਆਦਮੀ ਨਾਲੋਂ ਪੱਕੇ ਤੌਰ 'ਤੇ ਸਬੰਧ ਤੋੜਨੇ ਚੰਗੇ ਹਨ।

ਗਧੇ ਨੂੰ ਸੋਟਾ, ਅਰਾਕੀ ਨੂੰ ਜੋਟਾ——ਇਸ ਅਖਾਣ ਦੀ ਭਾਵ ਇਹ ਹੈ ਕਿ ਸਿਆਣੇ ਬੰਦੇ ਨੂੰ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਪ੍ਰੰਤੂ ਮੂਰਖ਼ ਬੰਦੇ ਨੂੰ ਤਾਂ ਹੁੱਜਾਂ ਮਾਰ-ਮਾਰ ਕੇ ਸਮਝਾਉਣਾ ਪੈਂਦਾ ਹੈ।

ਗਧੇ ਨੂੰ ਖੁਆਇਆ ਨਾ ਪਾਪ ਨਾ ਪੁੰਨ——ਕਿਸੇ ਅਕ੍ਰਿਤਘਣ ਨਾਲ਼ ਭਲਾਈ ਕਰਨ ਜਾਂ ਨਾ ਕਰਨ ਤੇ ਕੋਈ ਫ਼ਰਕ ਨਹੀਂ ਪੈਂਦਾ।

ਗਰਜ਼ ਅੰਨ੍ਹੀ ਹੁੰਦੀ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੀ ਗਰਜ਼ ਪੂਰੀ ਕਰਨ ਲਈ ਬੰਦਾ ਹਰ ਜਾਇਜ਼-ਨਾਜਾਇਜ਼ ਹਰਬਾ ਵਰਤਦਾ ਹੈ।

ਗਰਜ਼ ਪਿੱਛੇ ਖੋਤੇ ਨੂੰ ਵੀ ਪਿਓ ਕਹਿ ਲਈਦਾ ਹੈ——ਭਾਵ ਇਹ ਹੈ ਕਿ ਆਪਣੀ ਗਰਜ਼ ਦੀ ਪੂਰਤੀ ਲਈ ਕਈ ਵਾਰ ਅਜਿਹੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ ਜਿਸ ਦਾ ਮੂੰਹ ਵੇਖਣਾ ਵੀ ਪਸੰਦ ਨਾ ਹੋਵੇ।

ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ——ਜਦੋਂ ਕਿਸੇ ਗ਼ਰੀਬ ਜਾਂ ਨਿਤਾਣੇ ਬੰਦੇ ਦੀ ਕਿਸੇ ਵਸਤੂ ਨੂੰ ਹਰ ਕੋਈ ਖ਼ਰਾਬ ਕਰਨ ਜਾਂ ਵਰਤਣ ਦਾ ਹੱਕ ਸਮਝੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗ਼ਰੀਬ ਨੂੰ ਖ਼ੁਦਾ ਦੀ ਮਾਰ——ਭਾਵ ਇਹ ਹੈ ਕਿ ਗ਼ਰੀਬ ਆਦਮੀ ਨੂੰ ਵਧੇਰੇ ਦੁਖ ਸਹਿਣੇ ਪੈਂਦੇ ਹਨ।

ਗ਼ਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ——ਜਦੋਂ ਕਿਸੇ ਗ਼ਰੀਬ ਵੱਲੋਂ ਆਰੰਭੇ ਕਾਰਜ ਵਿੱਚ ਕੋਈ ਵਿਘਨ ਪੈ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਲੋਕ ਸਿਆਣਪਾਂ/72