ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਾ——ਇਸ ਅਖਾਣ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਹਰ ਗੱਲ ਸੋਚ ਸਮਝ ਕੇ ਆਖਣੀ ਚਾਹੀਦੀ ਹੈ। ਕਈ ਵਾਰ ਬਿਨਾ ਸੋਚੇ ਵਿਚਾਰੇ ਆਖੀ ਗੱਲ ਦੁਖਦਾਈ ਸਾਬਤ ਹੁੰਦੀ ਹੈ।

ਗੱਲ ਕਰਾਂ ਗੱਲ ਨਾਲ਼, ਨੱਕ ਵੱਢਾਂ ਵਲ ਨਾਲ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਸ਼ਰੀਕ ਉਪਰੋਂ ਉਪਰੋਂ ਫ਼ੋਕੀ ਹਮਦਰਦੀ ਦਿਖਾ ਰਿਹਾ ਹੋਵੇ ਪ੍ਰੰਤੂ ਅੰਦਰੋਂ ਗੁੱਝੀਆਂ ਚਾਲਾਂ ਨਾਲ ਬੇਇੱਜ਼ਤੀ ਕਰ ਰਿਹਾ ਹੋਵੇ।

ਗਲ਼ ਪਿਆ ਢੋਲ ਵਜਾਉਣਾ ਪੈਂਦਾ ਹੈ——ਜਦੋਂ ਤੁਹਾਨੂੰ ਆਪਣੇ ਜੀਵਨ ਵਿੱਚ ਤੁਹਾਡੀ ਮਨਪਸੰਦ ਦਾ ਜੀਵਨ ਸਾਥੀ ਨਾ ਮਿਲੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਗਲ਼ ਲਾਈ ਗਿੱਟੇ, ਕੋਈ ਰੋਵੇ ਕੋਈ ਪਿੱਟੇ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਈ ਵਾਰ ਦੁਸ਼ਮਣ ਅਜਿਹੀ ਗੱਲ ਕਰਦੇ ਹਨ ਜਿਸ ਨਾਲ਼ ਤਨ, ਮਨ ਨੂੰ ਸੱਟ ਵਜਦੀ ਹੈ।

ਗੱਲਾਂ ਦੀ ਪ੍ਰਧਾਨ ਸਰੂਪੋ ਬਾਹਮਣੀ——ਇਹ ਅਖਾਣ ਉਸ ਤੀਵੀਂ ਲਈ ਵਰਤਦੇ ਹਨ ਜਿਹੜੀ ਬਹੁਤੀਆਂ ਗੱਲਾਂ ਮਾਰਦੀ ਹੋਵੇ।

ਗੱਲਾਂ ਵਾਲ਼ੇ ਜਿੱਤੇ ਦੰਮੇ ਵਾਲ਼ੇ ਹਾਰੇ——ਜਦੋਂ ਕੋਈ ਝੂਠਾ ਬੰਦਾ ਬਹੁਤੀਆਂ ਗੱਲਾਂ ਮਾਰ ਕੇ ਆਪਣੇ ਟਾਕਰੇ ਦੇ ਸੱਚੇ ਧਨੀ ਆਦਮੀ ਨੂੰ ਹਰਾ ਕੇ ਆਪ ਸੱਚਾ ਸਾਬਤ ਹੋ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗੱਲੀਂ ਗੱਲਾਂ, ਦੰਮ ਘੋੜੇ——ਜਦੋਂ ਕੋਈ ਚਲਾਕ ਬੰਦਾ ਗੱਲੀਂ ਬਾਤੀਂ ਕਿਸੇ ਦਾ ਘਰ ਪੂਰਾ ਕਰੇ ਤੇ ਫ਼ੋਕੀਆਂ ਗੱਲਾਂ ਨਾਲ਼ ਹੀ ਸਾਰੇ, ਉਦੋਂ ਇਹ ਅਖਾਣ ਬੋਲਦੇ ਹਨ।

ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਮੇਰੀ ਜਠਾਣੀ——ਜਦੋਂ ਕੋਈ ਬੰਦਾ ਕੰਮ-ਕਾਰੋਂ ਤਾਂ ਨਿਕੰਮਾ ਹੋਵੇ, ਪ੍ਰੰਤੂ ਗੱਲਾਂ-ਬਾਤਾਂ ਨਾਲ਼ ਆਪਣੇ ਆਪ ਨੂੰ ਵੱਡਾ ਜਤਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਗੱਲੋਂ ਗਲੈਣ, ਅੱਗੇ ਅਗੈਣ——ਭਾਵ ਇਹ ਹੈ ਕਿ ਜਿਵੇਂ ਥੋੜ੍ਹੀ ਜਿਹੀ ਅੱਗ ਨਾਲ਼ ਭਾਂਬੜ ਮਚ ਜਾਂਦੇ ਹਨ, ਇਵੇਂ ਕਈ ਵਾਰ ਨਿੱਕੀ ਜਿਹੀ, ਬਿਨਾ ਸੋਚੇ ਸਮਝੇ ਆਖੀ ਗੱਲ ਪੁਆੜੇ ਖੜ੍ਹੇ ਕਰ ਦਿੰਦੀ ਹੈ। ਇਸ ਲਈ ਹਰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ।

ਗਾਂ ਦਏ ਕੁਜੜੇ ਨਾ ਵਸੇ ਨਾ ਉਜੜੇ——ਭਾਵ ਇਹ ਹੈ ਕਿ ਥੋੜ੍ਹੀ ਆਮਦਨ ਨਾਲ਼ ਗੁਜ਼ਾਰਾ ਨਹੀਂ ਹੁੰਦਾ, ਖੁੱਲ੍ਹਾ ਖ਼ਰਚਾ ਭਾਵੇਂ ਨਾ ਮਿਲੇ ਤੂ ਡੰਗ ਟੱਪੀ ਜਾਂਦਾ ਹੈ।

ਗਾਂ ਨਾ ਵੱਛੀ, ਨੀਂਦ ਆਵੇ ਅੱਛੀ——ਇਹ ਅਖਾਣ ਉਸ ਪੁਰਸ਼ ਲਈ ਵਰਤਿਆ ਜਾਂਦਾ ਹੈ ਜਿਸ ਦੇ ਸਿਰ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਾ ਹੋਵੇ।

ਗਾਹਕ ਤੇ ਮੌਤ ਦਾ ਕੋਈ ਪਤਾ ਨਹੀਂ——ਇਹ ਅਖਾਣ ਆਮ ਤੌਰ 'ਤੇ ਦੁਕਾਨਦਾਰ

ਲੋਕ ਸਿਆਣਪਾਂ/73