ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ਼ ਵਾਸਤਾ ਪੈ ਜਾਵੇ, ਜਿਨ੍ਹਾਂ ਵਿੱਚੋਂ ਕੋਈ ਵੀ ਚੰਗਾ ਨਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਗੋਰੀ ਦਾ ਮਾਸ ਚੁੰਡੀਆਂ ਜੋਗਾ——ਜਦੋਂ ਕੋਈ ਚੀਜ਼ ਬਾਹਰੋਂ ਤਾਂ ਸੋਹਣੀ ਦਿਸੇ ਪ੍ਰੰਤੂ ਅੰਦਰੋਂ ਨਿਕੰਮੀ ਹੋਵੇ, ਉਦੋਂ ਬੋਲਦੇ ਹਨ।

ਗੋਲਾ ਹੋ ਕੇ ਕਮਾਏ, ਰਾਜਾ ਬਣ ਕੇ ਖਾਏ——ਭਾਵ ਇਹ ਹੈ ਕਿ ਬੰਦੇ ਨੂੰ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ ਤਾਂ ਹੀ ਅਰਾਮ ਨਾਲ਼ ਖਾਣ ਦਾ ਸੁਆਦ ਹੈ।

ਗੱਲਾ ਥੀਣਾ ਅੱਧਾ ਜੀਣਾ——ਇਸ ਅਖਾਣ ਰਾਹੀਂ ਗੁਲਾਮਾਂ ਵਾਲ਼ੇ ਜੀਵਨ ਦੀ ਨਿੰਦਿਆ ਕੀਤੀ ਗਈ ਹੈ ਭਾਵ ਇਹ ਹੈ ਕਿ ਗੁਲਾਮਾਂ ਵਾਲ਼ਾ ਜੀਵਨ ਅੱਧੀ ਮੌਤ ਦੇ ਬਰਾਬਰ ਹੈ।

ਗੋਲੀ ਅੰਦਰ ਦੰਮ ਬਾਹਰ——ਇਸ ਅਖਾਣ ਰਾਹੀਂ ਨੀਮ ਹਕੀਮਾਂ ਦੇ ਇਲਾਜ ਸਬੰਧੀ ਵਿਅੰਗ ਕੀਤਾ ਗਿਆ ਹੈ, ਇਹਨਾਂ ਦੇ ਇਲਾਜ ਨਾਲ਼ ਮਰੀਜ਼ ਮਰਦੇ ਬਹੁਤੇ ਹਨ ਤੇ ਬਚਦੇ ਘੱਟ ਹਨ।

ਗੋਲੀ ਕੀਹਦੀ ਤੇ ਗਹਿਣੇ ਕੀਹਦੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਨਾਲ਼ ਕੰਮ ਪੈ ਜਾਵੇ ਤੇ ਅੱਗੋਂ ਉਹ ਖੁਸ਼ੀ-ਖੁਸ਼ੀ ਕੰਮ ਕਰਨ ਦੀ ਸਹਿਮਤੀ ਪ੍ਰਗਟ ਕਰ ਦੇਵੇ।

ਗੋਲ਼ੀ ਨਾਲ਼ੋਂ ਬੋਲੀ ਬੁਰੀ——ਭਾਵ ਇਹ ਹੈ ਕਿ ਕਈ ਵਾਰ ਅਢੁਕਵੇਂ ਸਮੇਂ ਤੇ ਬੋਲੇ ਹੋਏ ਸ਼ਬਦ ਸੁਣਨ ਵਾਲ਼ੇ ਦਾ ਸੀਨਾ ਚਾਕ ਕਰ ਦਿੰਦੇ ਹਨ ਤੇ ਉਸ ਦਾ ਅਸਰ ਗੋਲ਼ੀ ਨਾਲ਼ੋਂ ਮਾੜਾ ਹੁੰਦਾ ਹੈ।

ਗੌਂ ਭਨਾਵੇ ਜੌਂ ਭਾਵੇਂ ਗਿੱਲੇ ਹੀ ਹੋਣ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਈ ਵਾਰ ਬੰਦੇ ਨੂੰ ਆਪਣਾ ਕੰਮ ਕਢਵਾਉਣ ਲਈ ਅਜਿਹਾ ਅਣਚਾਹਿਆ ਕੰਮ ਵੀ ਕਰਨਾ ਪੈਂਦਾ ਹੈ ਜਿਸ ਨੂੰ ਕਰਨ ਲਈ ਮਨ ਨਾ ਮੰਨਦਾ ਹੋਵੇ।

ਘਟੀ ਦਾ ਕੋਈ ਦਾਰੂ ਨਹੀਂ——ਭਾਵ ਇਹ ਹੈ ਕਿ ਜਦੋਂ ਜੀਵਨ ਦੇ ਦਿਨ ਖ਼ਤਮ ਹੋ ਜਾਣ ਤਾਂ ਕੋਈ ਦਵਾਈ ਅਸਰ ਨਹੀਂ ਕਰਦੀ।

ਘੱਡੋ ਘੁੰਡ ਚੁਤਾਲੀ ਸੌ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਭਲਾਮਾਣਸੀ ਨੂੰ ਨਾ ਮੰਨੇ, ਹੱਥੋਪਾਈ ਤੇ ਉੱਤਰ ਆਵੇ ਤੇ ਉਸ ਦੇ ਉੱਤਰ ਵਿੱਚ ਵੀ ਹੱਥੋਪਾਈ ਕਰਨੀ ਪਵੇ।

ਘਰ ਆਏ ਪ੍ਰਾਹੁਣੇ, ਗਈ ਗੜੌਂਦੇ ਖਾਣ——ਜਦੋਂ ਕੋਈ ਬੰਦਾ ਜ਼ਰੂਰੀ ਕੰਮ ਸਮੇਂ ਇਧਰ-ਉਧਰ ਖਿਸਕ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਲੋਕ ਸਿਆਣਪਾਂ/75