ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਆਏ ਪ੍ਰਾਹੁਣੇ ਚਾੜ੍ਹ ਬੈਠੀ ਵੜੀਆਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਾਹਲੀ ਵਾਲ਼ੇ ਸਮੇਂ ਅਜਿਹਾ ਕੰਮ ਕਰਨ ਲੱਗ ਜਾਵੇ, ਜਿਹੜਾ ਦੋਰ ਨਾਲ਼ ਮੁੱਕੇ।

ਘਰ ਸ਼ਾਹ ਤੇ ਬਾਹਰ ਸ਼ਾਹ——ਭਾਵ ਇਹ ਹੈ ਕਿ ਜਿਨ੍ਹਾਂ ਬੰਦਿਆਂ ਦੀ ਘਰ ਵਿੱਚ ਇੱਜ਼ਤ ਹੁੰਦੀ ਹੈ ਉਹਨਾਂ ਦਾ ਘਰ ਤੋਂ ਬਾਹਰ ਵੀ ਪੂਰਾ ਸਨਮਾਨ ਹੁੰਦਾ ਹੈ।

ਘਰ ਖ਼ਫ਼ਣ ਨਹੀਂ ਰੀਝਾਂ ਮਰਨ ਦੀਆਂ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜੀ ਆਪਣੀ ਪੁੱਜਤ ਅਥਵਾ ਹੈਸੀਅਤ ਤੋਂ ਉਪਰ ਹੋਣ ਦਾ ਦਿਖਾਵਾ ਕਰੇ।

ਘਰ ਖਾਣ ਨੂੰ ਨਹੀਂ ਮਾਂ ਪੀਹਣ ਗਈ ਹੋਈ ਐ——ਜਦੋਂ ਕੋਈ ਗ਼ਰੀਬ ਆਦਮੀ ਆਪਣੇ ਆਪ ਨੂੰ ਵਡਿਆਵੇ ਤੇ ਫ਼ੋਕੀਆਂ ਫੜ੍ਹਾਂ ਮਾਰੇ ਉਦੋਂ ਇਹ ਅਖਾਣ ਵਰਤਦੇ ਹਨ।

ਘਰ, ਘਰ ਵਾਲੀ ਨਾਲ——ਭਾਵ ਇਹ ਹੈ ਕਿ ਘਰ ਵਾਲ਼ੀਆਂ ਨਾਲ਼ ਹੀ ਘਰ ਵਸਦੇ ਹਨ।

ਘਰ ਤੀਵੀਆਂ ਦੇ ਨਾਂ ਮਰਦਾਂ ਦੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਘਰ ਦੀ ਸਾਂਭ-ਸੰਭਾਲ ਤਾਂ ਤੀਵੀਆਂ ਕਰਦੀਆਂ ਹਨ ਪ੍ਰੰਤੂ ਮਰਦ ਖਾਹਮਖ਼ਾਹ ਘਰਾਂ ਵਾਲ਼ੇ ਅਖਵਾਉਂਦੇ ਹਨ।

ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ——ਭਾਵ ਇਹ ਹੈ ਕਿ ਆਪਣੇ ਘਰ ਦੇ ਜਾਂ ਪਿੰਡ ਦੇ ਸਿਆਣੇ ਬੰਦੇ ਨਾਲ਼ੋਂ ਬਾਹਰਲੇ ਕਚ ਘਰੜ ਬੰਦੇ ਨੂੰ ਵਧੇਰੇ ਸਿਆਣਾ ਸਮਝਿਆ ਜਾਂਦਾ ਹੈ।

ਘਰ ਦਾ ਭੇਤੀ ਲੰਕਾ ਢਾਏ——ਜਦੋਂ ਕੋਈ ਆਪਣਾ ਜਾਣੂੰ ਬੰਦਾ ਹੀ ਦਗਾ ਕਰੇ, ਉਦੋਂ ਇਹ ਅਖਾਣ ਵਰਤਦੇ ਹਨ। ਭਾਵ ਇਹ ਹੈ ਕਿ ਘਰ ਦੇ ਹਾਲਾਤ ਤੋਂ ਜਾਣੂੰ ਬੰਦਾ ਜਦੋਂ ਵੈਰੀ ਬਣ ਜਾਵੇ, ਉਹ ਬਹੁਤ ਨੁਕਸਾਨ ਕਰਦਾ ਹੈ।

ਘਰ ਦੀ ਅੱਧੀ, ਬਾਹਰ ਦੀ ਸਾਰੀ ਨਾਲੋਂ ਚੰਗੀ——ਜਦੋਂ ਕੋਈ ਬੰਦਾ ਬਾਹਰ ਪ੍ਰਦੇਸਾਂ ਨੂੰ ਜਾਣ ਦੀ ਜ਼ਿੱਦ ਕਰੇ, ਉਦੋਂ ਉਸ ਨੂੰ ਵਰਜਣ ਲਈ ਇਹ ਅਖਾਣ ਬੋਲਦੇ ਹਨ।

ਘਰ ਦੀ ਮੁਰਗੀ ਦਾਲ਼ ਬਰਾਬਰ——ਭਾਵ ਇਹ ਹੈ ਕਿ ਘਰ ਦੀ ਚੰਗੀ ਬਣੀ ਹੋਈ ਚੀਜ਼ ਸਸਤੀ ਪੈਂਦੀ ਹੈ।

ਘਰ ਦੀ ਖੰਡ ਕਿਰਕਿਰੀ ਬਾਹਰ ਦਾ ਗੁੜ ਮਿੱਠਾ——ਜਦੋਂ ਕੋਈ ਘਰ ਦੀ ਵਧੀਆ ਵਸਤੂ ਨਾਲ਼ੋਂ ਬਾਹਰ ਦੀ ਮੰਦੀ ਵਸਤੂ ਨੂੰ ਤਰਜੀਹ ਦੇਵੇ, ਉਦੋਂ ਆਖਦੇ ਹਨ।

ਘਰ ਦੇ ਭਾਂਡੇ ਵੀ ਅਕਸਰ ਠਹਿਕ ਪੈਂਦੇ ਨੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਈ ਵਾਰ ਘਰ ਵਿੱਚ ਪਿਆਰ ਨਾਲ਼ ਰਹਿੰਦੇ ਜੀਆਂ ਦੀ ਵੀ ਆਪਸ ਵਿੱਚ ਨੋਕ-ਝੋਕ ਹੋ ਜਾਂਦੀ ਹੈ।

ਲੋਕ ਸਿਆਣਪਾਂ/76