ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚੋਂ ਬਹੁਤ ਕੁਝ ਵਿੱਸਰ ਰਿਹਾ ਹੈ, ਰਾਤ ਨੂੰ ਬਾਤਾਂ ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖ਼ਤਮ ਹੋ ਰਹੀ ਹੈ। ਪਰ੍ਹਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ.... ਪਿੰਡਾਂ ਵਿੱਚ ਸੱਥਾਂ ਅਤੇ ਖੁੰਡਾਂ 'ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ। ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।
ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸੰਬੰਧਿਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸ਼ੂ ਧਨ, ਸਿੰਜਾਈ, ਗੋਡੀ, ਬਜਾਈ, ਗਹਾਈ, ਵਾਢੀ, ਫ਼ਸਲਾਂ, ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।
ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਜੱਟਾਂ ਅਤੇ ਪੰਜਾਬ ਵਿੱਚ ਵਸਦੀਆਂ ਹੋਰ ਉਪ ਜਾਤੀਆਂ ਦੇ ਸੁਭਾਅ ਅਤੇ ਕਿਰਦਾਰ ਦਾ ਵਰਨਣ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਹਨਾਂ ਬਾਰੇ ਸਹੀ ਤੌਰ 'ਤੇ ਜਾਣ ਸਕਦੇ ਹਾਂ। ਅਖਾਣ ਤੇ ਮੁਹਾਵਰੇ ਪੰਜਾਬੀ ਭਾਸ਼ਾ ਦਾ ਸ਼ਿੰਗਾਰ ਹਨ।
ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿੱਚ ਉਪਲੱਬਧ ਹਨ। ਡਾ. ਦੇਵੀ ਦਾਸ ਹਿੰਦੀ ਦਾ ਸੰਗ੍ਰਹਿ "ਪੰਜਾਬੀ ਅਖਾਣਾਂ ਦੀ ਖਾਣ", ਡਾ. ਸ਼ਾਹਬਾਜ਼ ਮਲਕ ਦੀ ਪੁਸਤਕ "ਸਾਡੇ ਅਖਾਣ", ਵਣਜਾਰਾ ਬੇਦੀ ਦੁਆਰਾ ਸੰਪਾਦਿਤ "ਲੋਕ ਆਖਦੇ ਹਨ" ਅਤੇ ਡਾ. ਤਾਰਨ ਸਿੰਘ ਤੇ ਦਰਸ਼ਨ ਸਿੰਘ ਅਵਾਰਾ ਦੁਆਰਾ ਸੰਪਾਦਿਤ "ਮੁਹਾਵਰਾ ਅਤੇ ਅਖਾਣ ਕੋਸ਼" ਪੰਜਾਬੀ ਦੇ ਚਰਚਿਤ ਅਖਾਣ ਕੋਸ਼ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ।

14 ਅਪ੍ਰੈਲ, 2006

ਸੁਖਦੇਵ ਮਾਦਪੁਰੀ
ਸਮਾਧੀ ਰੋਡ, ਖੰਨਾ, ਜ਼ਿਲ੍ਹਾ ਲੁਧਿਆਣਾ
ਫ਼ੋਨ-01628-224704

6