ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਘੜੇ ਘੁਮਿਆਰ ਭਰੇ ਸੰਸਾਰ——ਜਦੋਂ ਕਿਸੇ ਇਕ ਮਨੁੱਖ ਦੇ ਚੰਗੇ ਕੰਮਾਂ ਕਾਰਾਂ ਸਦਕਾ ਬਹੁਤ ਸਾਰੇ ਲੋਕਾਂ ਨੂੰ ਸੁਖ ਸਹੂਲਤਾਂ ਪ੍ਰਾਪਤ ਹੋ ਜਾਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਕ ਬੰਦੇ ਦੀ ਰੀਸੋ ਰੀਸ ਬਾਕੀ ਲੋਕ ਵੀ ਉਹਦੇ ਵਾਲ਼ਾ ਹੀ ਕੰਮ ਕਰਨ ਲੱਗ ਜਾਣ।

ਘਾਹੀਆਂ ਦੇ ਘਰ ਘਾਹੀ ਆਏ, ਉਹ ਵੀ ਘਾਹ ਖਤੇਂਦੇ ਆਏ——ਭਾਵ ਇਹ ਹੈ ਕਿ ਹਰ ਬੰਦੇ ਦਾ ਆਪਣਾ ਭਾਈਚਾਰਾ ਹੁੰਦਾ ਹੈ, ਜਿਸ ਵਿੱਚ ਉਸ ਦੀ ਪੱਧਰ ਦੇ ਬੰਦੇ ਵਿਚਰਦੇ ਹਨ।

ਘਾਹੀਆਂ ਦੇ ਪੁੱਤ ਘਾਹ ਹੀ ਖੋਤਦੇ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਉਲਾਦ ਆਪਣੇ ਮਾਪਿਆਂ ਉਪਰ ਹੀ ਜਾਂਦੀ ਹੈ। ਜਿਹੋ ਜਿਹਾ ਕੰਮ-ਕਾਰ ਮਾਪੇ ਕਰਦੇ ਹਨ ਉਲਾਦ ਵੀ ਉਹਨਾਂ ਵਰਗਾ ਹੀ ਕੰਮ ਕਰਦੀ ਹੈ।

ਘਿਉ, ਗੁੜ, ਆਟਾ ਤੇਰਾ, ਜਲ ਫੂਕ ਬਸੰਤਰ ਮੇਰਾ——ਜਦੋਂ ਕੋਈ ਪੁਰਸ਼ ਭਾਈਵਾਲੀ ਦੇ ਕੰਮ ਵਿੱਚ ਆਪਣਾ ਬਣਦਾ ਹਿੱਸਾ ਨਾ ਪਾਵੇ, ਪ੍ਰੰਤੂ ਲਾਭ ਵਿੱਚ ਪੂਰਾ ਹਿੱਸਾ ਮੰਗੇ, ਉਸ ਦੀ ਚਲਾਕੀ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਘਿਓ ਜੱਟੀ ਦਾ, ਤੇਲ ਹੱਟੀ ਦਾ——ਭਾਵ ਇਹ ਜੱਟੀ ਦਾ ਬਣਾਇਆ ਹੋਇਆ ਦੇਸੀ ਘਿਓ ਵਧੀਆ ਹੁੰਦਾ ਹੈ ਤੇ ਤੇਲ ਹੱਟੀ ਦਾ ਚੰਗਾ ਹੁੰਦਾ ਹੈ।

ਘਿਉ ਭੁੱਲ੍ਹਾ ਥਾਲ, ਨਾ ਮਿਹਣਾ ਨਾ ਗਾਲ਼——ਜਦੋਂ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਹੁੰਦਾ ਬਚ ਜਾਵੇ ਉਦੋਂ ਆਖਦੇ ਹਨ।

ਘੁੰਡ ਵਿੱਚ ਲਹਿਰ ਬਹਿਰ, ਬੁਰਕੇ ਵਿੱਚ ਸਾਰਾ ਸ਼ਹਿਰ——ਇਹ ਅਖਾਣ ਉਹਨਾਂ ਕੁਰੀਤੀਆਂ ਤੇ ਵਿਅੰਗ ਕਰਦਾ ਹੈ ਜਿਹੜੀਆਂ ਘੁੰਡ ਅਤੇ ਬੁਰਕੇ ਦੇ ਉਹਲੇ ਵਿੱਚ ਕੀਤੀਆਂ ਜਾਂਦੀਆਂ ਹਨ।

ਘਮਾਰੀ ਆਪਣੇ ਹੀ ਭਾਂਡੇ ਨੂੰ ਸਲਾਹੁੰਦੀ ਹੈ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਰ ਕੋਈ ਆਪਣੀ ਵਸਤੂ ਦੀ ਸ਼ਲਾਘਾ ਕਰਦਾ ਹੈ।

ਘੁਮਿਆਰ ਸੁਪੱਤਾ ਨਹੀਂ ਤੇ ਤੇਲੀ ਕੁਪੱਤਾ ਨਹੀਂ——ਇਸ ਅਖਾਣ ਰਾਹੀਂ ਤੇਲੀਆਂ ਅਤੇ ਘੁਮਿਆਰਾਂ ਦੇ ਵੱਖੋ-ਵੱਖ ਸੁਭਾਵਾਂ ਨੂੰ ਦਰਸਾਇਆ ਗਿਆ ਹੈ। ਜਦੋਂ ਕੋਈ ਘੁਮਿਆਰ ਕਿਸੇ ਨਾਲ਼ ਕੁਪੱਤ ਕਰੇ ਤੇ ਤੇਲੀ ਭਲੇਮਾਣਸੀ ਵਰਤੇ, ਉਦੋਂ ਇੰਜ ਆਖਦੇ ਹਨ।

ਘੋੜਾ ਘਾਹ ਨਾਲ਼ ਯਾਰੀ ਕਰੇ ਤਾਂ ਖਾਵੇ ਕੀ——ਭਾਵ ਇਹ ਹੈ ਕਿ ਆਪਣੇ ਪੇਟ ਤੇ ਹਿੱਤ ਖ਼ਾਤਿਰ ਸਭ ਯਾਰੀਆਂ ਵਿਸਰ ਜਾਂਦੀਆਂ ਹਨ।

ਲੋਕ ਸਿਆਣਪਾਂ/78