ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੰਦਨ ਦੀ ਚੁਟਕੀ ਭਲੀ, ਗਾਡੀ ਭਲੀ ਨਾ ਕਾਠ——ਇਸ ਅਖਾਣ ਦਾ ਭਾਵ ਇਹ ਹੈ ਕਿ ਕੰਮ ਦੀ ਅਤੇ ਚੰਗੀ ਥੋੜ੍ਹੀ ਮਾਤਰਾ ਵਾਲ਼ੀ ਵਸਤੂ ਨਿਕੰਮੀ ਤੇ ਬਹੁਤੀ ਵਸਤੂ ਨਾਲ਼ੋਂ ਚੰਗੀ ਹੁੰਦੀ ਹੈ।

ਚੰਦਰਾ ਗੁਆਂਢ ਨਾ ਹੋਵੇ, ਲਾਈਲਗ ਨਾ ਹੋਵੇ ਘਰ ਵਾਲਾ——ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਘਰ ਵਾਲ਼ਾ ਕੰਨਾਂ ਦਾ ਕੱਚਾ ਨਾ ਹੋਵੇ, ਕਿਸੇ ਦੀ ਚੁੱਕ ਵਿੱਚ ਆ ਕੇ ਘਰ ਵਾਲ਼ੀ ਨਾਲ਼ ਝਗੜੇ ਨਾ ਤੇ ਗੁਆਂਢ ਸਾਊ ਹੋਵੇ।

ਚੰਦਰੇ ਦਾ ਝਾੜਾ ਛੱਤਰ ਨਾਲ਼ ਹੀ ਕਰੀਦਾ ਹੈ——ਭਾਵ ਇਹ ਹੈ ਕਿ ਜਦੋਂ ਕੋਈ ਕੱਬਾ ਬੰਦਾ ਭਲਾਮਾਣਸੀ ਨਾਲ਼ ਸੂਤ ਨਾ ਆਵੇ ਤਾਂ ਉਸ ਦੀ ਛੱਤਰ ਪਰੇਟ ਹੀ ਕਰਨੀ ਪੈਂਦੀ ਹੈ।

ਚੰਨ ਚੰਨਾਂ ਦੇ ਮਾਮਲੇ ਚੜ੍ਹਨ ਭਾਵੇਂ ਨਾ ਚੜ੍ਹਨ——ਇਹ ਅਖਾਣ ਕਿਸੇ ਗੱਲ ਦੀ ਬੇਵਸਾਹੀ ਵਿੱਚ ਵਰਤਦੇ ਹਨ ਜਦੋਂ ਕਿਸੇ ਗੱਲ ਦੇ ਹੋ ਜਾਣ ਦੀ ਪੂਰੀ ਆਸ ਨਾ ਹੋਵੇ।

ਚੰਨ ਚੜ੍ਹੇ ਤੇ ਪੁੱਤਰ ਜੰਮੇ ਗੁੱਝੇ ਨਹੀਂ ਰਹਿੰਦੇ——ਜਦੋਂ ਇਹ ਦੱਸਣਾ ਹੋਵੇ ਕਿ ਮਾਮਲਾ ਐਨੀ ਅਹਿਮੀਅਤ ਵਾਲ਼ਾ ਹੈ ਜਿਹੜਾ ਲੁਕਾਇਆ ਨਹੀਂ ਜਾ ਸਕਦਾ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੰਦ ਤੇ ਥੱਕਿਆਂ ਮੁੰਹ ਤੇ ਪੈਂਦਾ ਹੈ——ਭਾਵ ਇਹ ਹੈ ਕਿ ਜਦੋਂ ਕਿਸੇ ਪ੍ਰਸਿੱਧ ਬੰਦੇ ਦੇ ਖ਼ਿਲਾਫ਼ ਕੋਈ ਝੂਠੀ ਗੱਲ ਆਖੇ ਜਾਂ ਉਸ ਨੂੰ ਬੁਰਾ ਭਲਾ ਕਹੇ ਤਾਂ ਲੋਕ ਨਿੰਦਿਆ ਕਰਨ ਵਾਲ਼ੇ ਨੂੰ ਹੀ ਮਾੜਾ ਆਖਦੇ ਹਨ।

ਚਮੜੀ ਜਾਏ, ਦਮੜੀ ਨਾ ਜਾਏ——ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਅਤਿ ਕੰਜੂਸ ਹੋਵੇ, ਜੋ ਪੈਸੇ ਪਿੱਛੇ ਆਪਣੀ ਜਾਨ ਗੁਆ ਦੇਵੇ।

ਚਲ ਤੂੰ ਕੌਣ ਤੇ ਮੈਂ ਕੌਣ——ਇਹ ਅਖਾਣ ਉਸ ਮਤਲਬੀ ਬੰਦੇ ਬਾਰੇ ਬੋਲਦੇ ਹਨ ਜਿਹੜਾ ਆਪਣਾ ਕੰਮ ਕਰਵਾਉਣ ਮਗਰੋਂ ਕੰਮ ਕਰਨ ਵਾਲ਼ੇ ਬੰਦੇ ਦੀ ਬਾਤ ਨਾ ਪੁੱਛੇ।

ਚਲੋ ਚਲੀ ਦਾ ਮੇਲਾ——ਇਸ ਅਖਾਣ ਦਾ ਭਾਵ ਇਹ ਹੈ ਕਿ ਇਸ ਦੁਨੀਆਂ ਵਿੱਚ ਕਿਸੇ ਨੇ ਸਥਿਰ ਨਹੀਂ ਰਹਿਣਾ ਸਭ ਦੀ ਵਾਰੀ ਸਿਰ ਮੌਤ ਆ ਜਾਣੀ ਹੈ।

ਚਲਦਾ ਫਿਰਦਾ ਰਹੇ ਫਕੀਰ ਤਾਂ ਚੰਗਾ, ਵਹਿੰਦਾ ਰਹੇ ਨਦੀ ਦਾ ਨੀਰ ਤਾਂ ਚੰਗਾ——ਇਸ ਅਖਾਣ ਦਾ ਭਾਵ ਇਹ ਹੈ ਕਿ ਗਿਆਨਵਾਨ ਬੰਦੇ ਤੁਰਦੇ-ਫਿਰਦੇ ਚੰਗੇ ਰਹਿੰਦੇ ਹਨ ਅਤੇ ਇਕੋ ਥਾਂ 'ਤੇ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ, ਸੋ ਵਹਿੰਦਾ ਪਾਣੀ ਹੀ ਚੰਗਾ ਹੈ।

ਚਲਦੀ ਦਾ ਨਾਂ ਗੱਡੀ ਹੈ——ਭਾਵ ਸਪੱਸ਼ਟ ਹੈ ਕਿ ਵਰਤੋਂ ਵਿੱਚ ਆਉਂਦੀ ਚੀਜ਼ ਹੀ ਠੀਕ ਹਾਲਤ ਵਿੱਚ ਰਹਿੰਦੀ ਹੈ।

ਚਵਲ ਕੁੱਤੀ ਮੁੰਡਿਆਂ ਦੀ ਰਾਖੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੇਈਮਾਨ ਬੰਦੇ ਨੂੰ ਭਰੋਸੇ ਯੋਗ ਕੰਮ ਸੌਂਪ ਦਿੱਤਾ ਜਾਵੇ।

ਲੋਕ ਸਿਆਣਪਾਂ/80