ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੂਗਾ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਚਾਲਾਕ ਬੰਦਾ ਕਿਸੇ ਭੋਲ਼ੇ ਭਾਲ਼ੇ ਬੰਦੇ ਨੂੰ ਮੁਸੀਬਤ ਵਿੱਚ ਫਸਾ ਦੇਵੇ।

ਚੜ੍ਹਨ ਨੂੰ ਮੰਗੀ ਸੀ ਚੁੱਕਣ ਨੂੰ ਮਿਲ ਗਈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਚੀਜ਼ ਸੁਖ ਲੈਣ ਲਈ ਮੰਗੀ ਜਾਵੇ, ਪ੍ਰੰਤੂ ਉਹੀ ਵਸਤੂ ਮਿਲਣ ਮਗਰੋਂ ਦੁਖ ਦਾ ਕਾਰਨ ਬਣੇ।

ਚੜ੍ਹਿਆ ਸੌ ਤੇ ਲੱਥਾ ਭੌ——ਜਦੋਂ ਕਿਸੇ ਬੰਦੇ ਦੇ ਸਿਰ 'ਤੇ ਇੰਨਾ ਕਰਜ਼ਾ ਚੜ੍ਹ ਜਾਵੇ ਕਿ ਉਤਾਰ ਹੀ ਨਾ ਸਕੇ ਤੇ ਜਦੋਂ ਲਹਿਣੇਦਾਰ ਕਰਜ਼ਾ ਮੰਗਣ ਆਉਣ ਤਾਂ ਅੱਗੋਂ ਉਹ ਝੱਗਾ ਚੁੱਕ ਦੇਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੌਲ ਛੰਡਦਿਆਂ ਹੀ ਚਿੱਟੇ ਹੁੰਦੇ ਹਨ——ਇਸ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਦੁਖ ਤਕਲੀਫ਼ਾਂ ਸਹਿਨ ਕਰਕੇ ਹੀ ਸਿਆਣਾ ਬਣਦਾ ਹੈ। ਸਫ਼ਲਤਾ ਲਈ ਮਿਹਨਤ ਜ਼ਰੂਰੀ ਹੈ।

ਚਾਕਰੀ ਵਿੱਚ ਨਾਬਰੀ ਕੀ——ਭਾਵ ਸਪੱਸ਼ਟ ਹੈ ਕਿ ਜਦੋਂ ਤੁਸੀਂ ਕਿਸੇ ਦੇ ਅਧੀਨ ਨੌਕਰੀ ਕਰਨ ਲੱਗ ਜਾਂਦੇ ਹੋ ਤਾਂ ਉਸ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪਵੇਗੀ।

ਚਾਚਾ ਆਖਿਆਂ ਪੰਡ ਕੋਈ ਨਹੀਂ ਚੁੱਕਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਨਿਰੀ ਫ਼ੋਕੀ ਖ਼ੁਸ਼ਾਮਦ ਨਾਲ਼ ਕੋਈ ਕੰਮ ਨਹੀਂ ਕਰਦਾ, ਕਈ ਵਾਰ ਸਖ਼ਤੀ ਵੀ ਵਰਤਣੀ ਪੈਂਦੀ ਹੈ।

ਚਾਚਾ ਚੋਰ ਭਤੀਜਾ ਚੌਧਰੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਦੋਸ਼ੀ ਅਤੇ ਨਿਆਂ ਕਰਨ ਵਾਲ਼ੇ ਆਪਸ ਵਿੱਚ ਰਲ਼ੇ ਹੋਣ ਤੇ ਇਨਸਾਫ਼ ਦੀ ਆਸ ਨਾ ਹੋਵੇ।

ਚਾਚੇ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ——ਜਦੋਂ ਇਕ ਜਣੇ ਦੀ ਰੀਸ ਦੁਜਾ ਵੀ ਉਸ ਦੀ ਰੀਸ ਵਿੱਚ ਉਹਦੇ ਵਾਲ਼ਾ ਕੰਮ ਕਰਨ ਲੱਗ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ——ਭਾਵ ਇਹ ਹੈ ਕਿ ਆਮਦਨ ਅਨੁਸਾਰ ਹੀ ਖ਼ਰਚ ਕਰਨਾ ਚਾਹੀਦਾ ਹੈ।

ਚਾਰ ਜਣੇ ਦੀ ਲਾਠੀ ਇਕ ਜਣੇ ਦਾ ਬੋਝ——ਭਾਵ ਇਹ ਹੈ ਕਿ ਬਹੁਤੇ ਆਦਮੀਆਂ ਦੀ ਥੋੜ੍ਹੀ-ਥੋੜ੍ਹੀ ਮਦਦ ਨਾਲ਼ ਇਕ ਆਦਮੀ ਦਾ ਗੁਜ਼ਾਰਾ ਸੌਖਿਆਂ ਹੋ ਜਾਂਦਾ ਹੈ।

ਚਾਰ ਦਿਹਾੜੇ ਸ਼ੌਕ ਦੇ, ਮੁੜ ਉਹੋ ਕੁੱਤੇ ਭੌਕਦੇ——ਜਦੋਂ ਕਿਸੇ ਫ਼ੋਕੀ ਸ਼ਾਨ ਦਿਖਾਉਣ ਵਾਲ਼ੇ ਬੰਦੇ ਬਾਰੇ ਇਹ ਦੱਸਣਾ ਹੋਵੇ ਕਿ ਉਸ ਦੀ ਸ਼ਾਨੋ-ਸ਼ੌਕਤ ਕੁਝ ਦਿਨਾਂ ਦੀ ਹੀ ਹੈ, ਉਦੋਂ ਇਹ ਅਖਾਣ ਵਰਤਦੇ ਹਨ।

ਚਾਰ ਦਿਨਾਂ ਦੀ ਚਾਨਣੀ ਫਿਰ ਹਨ੍ਹੇਰੀ ਰਾਤ——ਇਸ ਅਖਾਣ ਵਿੱਚ ਜੀਵਨ ਦੀ ਅਟੱਲ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ। ਧੰਨ-ਦੌਲਤ, ਸ਼ੋਹਰਤ ਅਤੇ ਜੋਸ਼ੋ-

ਲੋਕ ਸਿਆਣਪਾਂ/81