ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਵਾਨੀ ਚਾਰ ਦਿਨਾਂ ਦੀ ਖੇਡ ਹੈ, ਇਹ ਸਭ ਨਾਸ਼ਵਾਨ ਹਨ, ਇਹਨਾਂ ਤੇ ਕਾਹਦਾ ਮਾਣ।

ਚਿੱਟਾ ਕੱਪੜਾ ਤੇ ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ——ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਜਿਹੜੇ ਕਿਸਾਨ ਆਪਣੇ ਹੱਥੀਂ ਆਪ ਖੇਤੀ ਨਹੀਂ ਕਰਦੇ, ਚੰਗਾ ਖਾਂਦੇ ਤੇ ਐਸ਼ ਉਡਾਉਂਦੇ ਹਨ, ਉਹ ਚੰਗੀ ਫ਼ਸਲ ਨਹੀਂ ਲੈ ਸਕਦੇ ਤੇ ਆਖ਼ਰ ਖੇਤੀ ਵਿੱਚ ਘਾਟਾ ਖਾ ਕੇ ਨੁਕਸਾਨ ਉਠਾਉਂਦੇ ਹਨ।

ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ——ਜਦੋਂ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਸਮਾਜਿਕ ਕੁਰੀਤੀ ਕਰ ਬੈਠੇ, ਉਦੋਂ ਇਹ ਅਖਾਣ ਵਰਤਦੇ ਹਨ।

ਚਿੱਟੀਆਂ ਕਬਰਾਂ 'ਤੇ ਫੁੱਲ ਚੜ੍ਹਦੇ ਨੇ——ਭਾਵ ਇਹ ਹੈ ਕਿ ਵੱਡੇ ਬੰਦਿਆਂ ਦੀ ਹਰ ਥਾਂ ਪੁੱਛ ਹੁੰਦੀ ਹੈ, ਛੋਟਿਆਂ ਨੂੰ ਕੋਈ ਨਹੀਂ ਪੁੱਛਦਾ।

ਚਿੱਤ ਵੀ ਮੇਰੀ ਪੁੱਠ ਵੀ ਮੇਰੀ——ਜਦੋਂ ਕੋਈ ਚਾਲਾਕ ਬੰਦਾ ਦੋਹਾਂ ਹਾਲਾਤਾਂ ਵਿੱਚ ਆਪਣਾ ਹੀ ਲਾਭ ਉਠਾਉਣਾ ਚਾਹੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚਿੜੀ ਦੀ ਚੋਗ ਚੌਧਵਾਂ ਹਿੱਸਾ——ਜਦੋਂ ਵੰਡ ਵੰਡਾਈ ਸਮੇਂ ਕਿਸੇ ਚੀਜ਼ ਦੀ ਥੋੜ੍ਹੀ ਮਾਤਰਾ ਨੂੰ ਦਰਸਾਉਣਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ——ਜਦੋਂ ਕੋਈ ਮੂਰਖ਼ ਆਦਮੀ ਹਾਸੇ-ਹਾਸੇ ਵਿੱਚ ਹੀ ਕਿਸੇ ਦਾ ਨੁਕਸਾਨ ਕਰ ਦੇਵੇ, ਉਦੋਂ ਇੰਜ ਆਖਦੇ ਹਨ।

ਚੀਜ਼ ਨਾ ਸਾਂਭੇ ਆਪਣੀ ਚੋਰਾਂ ਗਾਲੀ ਦੇ——ਜਦੋਂ ਕੋਈ ਬੰਦਾ ਆਪਣੀ ਲਾਪ੍ਰਵਾਹੀ ਕਾਰਨ ਆਪਣੀ ਚੀਜ਼ ਨੂੰ ਨਾ ਸੰਭਾਲ ਸਕੇ ਅਤੇ ਨੁਕਸਾਨ ਕਰਵਾ ਬੈਠੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੁਕ ਸਿਰ ਤੇ ਪੋਟਲੀ, ਮੰਗ ਸਿਰ ਦੀ ਖ਼ੈਰ——ਜਦੋਂ ਕੋਈ ਔਖਾ ਕੰਮ ਹਰ ਹਾਲਤ ਵਿੱਚ ਕਰਨਾ ਪੈ ਜਾਵੇ, ਉਦੋਂ ਆਪਣੇ ਮਨ ਨੂੰ ਤਕੜਾ ਕਰਨ ਲਈ ਇਹ ਅਖਾਣ ਬੋਲਦੇ ਹਨ।

ਚੁੱਕ ਮਰੇ ਜਾਂ ਖਾ ਮਰੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਬਹੁਤਾ ਖਾ ਕੇ ਜਾਂ ਵਿੱਤੋਂ ਬਾਹਰਾ ਕੰਮ ਕਰਕੇ ਢਿੱਲਾ ਮੱਠਾ ਹੋ ਜਾਵੇ।

ਚੁਲ੍ਹਾ ਪੱਟਕੇ ਖਾ ਜਾਏ ਨਾ ਸੰਤੋਖ ਸਿੰਘ——ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਆਪਣੇ ਨਾਂ ਦੇ ਵਿਪਰੀਤ ਜੀਵਨ ਜੀਵੇ।

ਚੁੱਲ੍ਹਿਓਂ ਦੂਰ ਸੋ ਦਿਲੋਂ ਦੂਰ——ਜਦੋਂ ਕਿਸੇ ਨਾਲੋਂ ਸਮਾਜਿਕ ਤੇ ਭਾਈਚਾਰਕ ਸਬੰਧ ਤੋੜ ਲਏ ਜਾਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਆਦਮੀ ਅਤਿ ਗ਼ਰੀਬੀ ਦੀ ਦਸ਼ਾ ਵਿੱਚ ਪੁੱਜ ਜਾਵੇ।

ਲੋਕ ਸਿਆਣਪਾਂ/82