ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੂਹੜਾ ਗਿਆ ਪਾਰ ਉਹ ਨੂੰ ਉਥੇ ਵੀ ਵਗਾਰ——ਜਦੋਂ ਕੋਈ ਆਦਮੀ ਆਪਣੇ ਕੰਮ ਕਾਰ ਤੋਂ ਛੁਟਕਾਰਾ ਪਾਉਣ ਲਈ ਕਿਸੇ ਹੋਰ ਥਾਂ ਚਲਿਆ ਜਾਵੇ ਪ੍ਰੰਤੂ ਉਥੇ ਵੀ ਉਸ ਨੂੰ ਜੀਵਨ ਨਿਰਵਾਹ ਲਈ ਉਹੀ ਪਿਛਲਾ ਕੰਮ, ਜਿਹੜਾ ਉਹ ਛੱਡ ਕੇ ਗਿਆ ਸੀ ਕਰਨਾ ਪਵੇ, ਤਾਂ ਉਹ ਅਖਾਣ ਬੋਲਿਆ ਜਾਂਦਾ ਹੈ।

ਚੂਹੜਿਆਂ ਦੀ ਟੱਪਰੀ, ਸ਼ਰੀਕਾਂ ਨਾਲ਼ੋਂ ਵੱਖਰੀ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੇ ਭਾਈਚਾਰੇ ਨਾਲ਼ੋਂ ਵੱਖਰਾ ਰਹਿਣ ਦੀ ਕੋਸ਼ਿਸ਼ ਕਰੇ।

ਚੂਹੜੇ ਕੋਲੋਂ ਲੈਣਾ ਤੇ ਕੁੱਤੇ ਦੇ ਗਲ ਪੈਣਾ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਚੂਹੜੇ ਨੂੰ ਦਿੱਤਾ ਹੋਇਆ ਕਰਜ਼ਾ ਬਹੁਤ ਮੁਸ਼ਕਿਲ ਨਾਲ਼ ਮੁੜਦਾ ਹੈ।

ਚੂਹਿਆਂ ਦੇ ਡਰੋਂ ਘਰ ਨਹੀਂ ਛੱਡੀਏ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਮਾੜੀ-ਮੋਟੀ ਤਕਲੀਫ਼ ਬਦਲੇ ਕਿਸੇ ਚੀਜ਼ ਦਾ ਤਿਆਗ ਨਹੀਂ ਕਰਨਾ ਚਾਹੀਦਾ, ਬਲਕਿ ਉਸ ਵਿੱਚ ਸੁਧਾਰ ਕਰ ਲੈਣਾ ਚਾਹੀਦਾ ਹੈ।

ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਪਸਾਰੀ ਬਣ ਬੈਠਾ——ਜਦੋਂ ਕਿਸੇ ਬੰਦੇ ਨੂੰ ਥੋੜ੍ਹੀ ਜਿਹੀ ਪ੍ਰਾਪਤੀ ਹੋ ਜਾਵੇ ਤੇ ਆਕੜਿਆ ਫਿਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੂਨੇ ਗੱਚ ਕਬਰ ਮੁਰਦਾ ਬੇਈਮਾਨ——ਜਦੋਂ ਕੋਈ ਐਬੀ ਤੇ ਬੇਈਮਾਨ ਬੰਦਾ ਸਾਧਾਂ-ਸੰਤਾਂ ਵਾਲ਼ਾ ਭੇਖ ਧਾਰ ਕੇ ਲੋਕਾਂ ਨੂੰ ਉੱਲੂ ਬਣਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਨ——ਜਦੋਂ ਕੋਈ ਬਦਮਾਸ਼ ਕਿਸਮ ਦਾ ਬੰਦਾ ਬਦੋਬਦੀ ਧੱਕੇ ਨਾਲ਼ ਕੋਈ ਸਮਾਜਿਕ ਪਦਵੀ ਹਥਿਆ ਲਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਚੋਰ ਚੋਰੀ ਛੱਡੂਗਾ ਪਰ ਹੇਰਾ ਫੇਰੀ ਨਹੀਂ——ਇਸ ਅਖਾਣ ਦਾ ਭਾਵ ਇਹ ਹੈ ਕਿ ਭੈੜਾ ਆਦਮੀ ਕੋਸ਼ਿਸ਼ ਕਰਨ 'ਤੇ ਵੀ ਆਪਣੀਆਂ ਭੈੜੀਆਂ ਵਾਦੀਆਂ ਨਹੀਂ ਛੱਡਦਾ, ਮਾੜਾ ਮੋਟਾ ਅੰਸ਼ ਰਹਿ ਹੀ ਜਾਂਦਾ ਹੈ।

ਚੋਰ ਜਾਂਞੀ, ਚੋਰ ਮਾਂਜੀ, ਚੋਰ ਵਿਆਹੁਣ ਆਏ——ਭਾਵ ਇਹ ਹੈ ਕਿ ਭੈੜੇ ਬੰਦਿਆਂ ਦੇ ਸੰਗੀ ਸਾਥੀ ਵੀ ਭੈੜੇ ਹੀ ਹੁੰਦੇ ਹਨ।

ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਬਾਪੂ ਕੱਲੇ——ਜਦੋਂ ਸਰੀਰਕ ਤੌਰ 'ਤੇ ਤਕੜਾ ਬੰਦਾ ਕਿਸੇ ਕਮਜ਼ੋਰ ਬੰਦੇ ਪਾਸੋਂ ਕੁੱਟ ਖਾ ਕੇ ਆ ਜਾਵੇ ਤੇ ਇਹ ਕਹੇ ਕਿ ਮਾਰਨ ਵਾਲ਼ਾ ਬਹੁਤ ਤਕੜਾ ਸੀ ਤਾਂ ਉਦੋਂ ਮਜ਼ਾਕ ਵਿੱਚ ਇਹ ਅਖਾਣ ਬੋਲਦੇ ਹਨ।

ਚੋਰ ਦੀ ਮਾਂ ਕਦ ਤੱਕ ਖ਼ੈਰ ਮਨਾਏਗੀ——ਭਾਵ ਇਹ ਹੈ ਕਿ ਕਿਸੇ ਦਿਨ ਚੋਰ ਨੇ ਫੜਿਆ ਹੀ ਜਾਣੇ, ਉਸ ਨੂੰ ਕੀਤੇ ਦੀ ਸਜ਼ਾ ਭੁਗਤਣੀ ਹੀ ਪਵੇਗੀ।

ਲੋਕ ਸਿਆਣਪਾਂ/83