ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੋਰ ਦੇ ਪੈਰ ਨਹੀਂ ਹੁੰਦੇ——ਭਾਵ ਇਹ ਹੈ ਕਿ ਚੋਰੀ ਕਰਨ ਆਇਆ ਚੋਰ ਰਤੀ ਭਰ ਖੜਕਾ ਹੋਣ 'ਤੇ ਨੱਸ ਜਾਂਦਾ ਹੈ।

ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ——ਇਸ ਅਖਾਣ ਦਾ ਭਾਵ ਇਹ ਹੈ ਕਿ ਬੁਰੇ ਆਦਮੀ ਨੂੰ ਸਜ਼ਾ ਦੇਣ ਦੀ ਥਾਂ ਸਮਾਜ ਵਿੱਚੋਂ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ।

ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼——ਜਦੋਂ ਕੋਈ ਬੰਦਾ ਬਿਨਾ ਮਿਹਨਤ ਕੀਤਿਆਂ ਪ੍ਰਾਪਤ ਕੀਤੀ ਵਸਤੂ ਨੂੰ ਸਸਤੇ ਮੁੱਲ ਵਿੱਚ ਵੇਚ ਦੇਵੇ, ਉਦੋਂ ਇੰਜ ਆਖਦੇ ਹਨ।

ਚੋਰਾਂ ਦੇ ਮਹਿਲ ਨਹੀਂ ਪੈਂਦੇ——ਬੇਈਮਾਨੀ ਦੀ ਖੱਟੀ ਕਮਾਈ ਕਰਨ ਤੋਂ ਵਰਜਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਚੋਰ ਨਾਲੋਂ ਪੰਡ ਕਾਹਲੀ——ਜਦੋਂ ਅਸਲੀ ਬੰਦੇ ਦੀ ਥਾਂ ਕੋਈ ਹੋਰ ਬੰਦਾ ਵੱਧ ਚੜ੍ਹ ਕੇ ਬੋਲੇ, ਉਦੋਂ ਇਹ ਅਖਾਣ ਬੋਲਦੇ ਹਨ।

ਚੋਰੀ ਕੱਖ ਦੀ ਵੀ, ਚੋਰੀ ਲੱਖ ਦੀ ਵੀ——ਇਸ ਅਖਾਣ ਦਾ ਭਾਵ ਇਹ ਹੈ ਕਿ ਚੋਰੀ ਤਾਂ ਚੋਰੀ ਹੀ ਹੈ ਭਾਵੇਂ ਉਹ ਸਸਤੀ ਚੀਜ਼ ਦੀ ਕੀਤੀ ਜਾਵੇ ਜਾਂ ਕੀਮਤੀ ਚੀਜ਼ ਦੀ, ਬੁਰਾਈ ਤਾਂ ਆਖ਼ਰ ਬੁਰਾਈ ਹੀ ਹੈ।

ਚੋਰੀ ਤੇ ਉੱਤੋਂ ਸੀਨਾ ਜ਼ੋਰੀ——ਭਾਵ ਇਹ ਹੈ ਕਿ ਜਦੋਂ ਕੋਈ ਗ਼ਲਤੀ ਵੀ ਕਰੇ, ਉਪਰੋਂ ਤਾਂਗੜ੍ਹੇ ਵੀ, ਆਕੜ ਦਿਖਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਚੋਰੀ ਦਾ ਗੁੜ ਮਿੱਠਾ ਹੁੰਦਾ ਹੈ——ਜਿਹੜੇ ਆਦਮੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ, ਉਹ ਵਾਰ-ਵਾਰ ਸਮਝਾਉਣ ਤੇ ਵੀ ਆਪਣੀ ਆਦਤ ਨਾ ਛੱਡੇ, ਉਦੋਂ ਇੰਜ ਆਖਦੇ ਹਨ।

ਚੋਰੀ, ਯਾਰੀ, ਚਾਕਰੀ ਬਾਝ ਵਸੀਲੇ ਨਾਂਹ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਇਹ ਤਿੰਨੇ ਚੀਜ਼ਾਂ ਬਿਨਾ ਕਿਸੇ ਵਸੀਲੇ ਦੇ ਨਹੀਂ ਹੋ ਸਕਦੀਆਂ।

ਚੋਰੀਓਂ ਮਿਹਣ, ਯਾਰੀਓਂ ਮਿਹਣਾ, ਮਿਹਨਤ ਤੋਂ ਮਿਹਣਾ ਨਾਹੀ——ਇਹ ਅਖਾਣ ਮਿਹਨਤ ਤੋਂ ਕਤਰਾਉਣ ਵਾਲ਼ੇ ਬੰਦੇ ਨੂੰ ਸਮਝਾਉਣ ਲਈ ਵਰਤਿਆ ਜਾਂਦਾ ਹੈ। ਭਾਵ ਇਹ ਹੈ ਕਿ ਮਿਹਨਤ ਕਰਨਾ ਕੋਈ ਮਾੜਾ ਕੰਮ ਨਹੀਂ।

ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ ਜਿਸ ਵਿੱਚ ਛੱਤੀ ਸੌ ਛੇਕ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬਹੁਤੇ ਐਬਾਂ ਵਾਲ਼ਾ ਬੰਦਾ ਥੋੜ੍ਹੇ ਐਬਾਂ ਵਾਲ਼ੇ ਬੰਦੇ ਚ ਨੁਕਸ ਕੱਢੇ ਤੇ ਉਹ ਨੂੰ ਬੋਲੀ ਮਾਰੇ।

ਛੱਜ ਨਾ ਬੋਲੇ ਛਾਨਣੀ ਬੋਲੇ——ਇਸ ਅਖਾਣ ਦਾ ਭਾਵ ਉਪਰੋਕਤ ਅਖਾਣ ਵਾਲਾ ਹੀ ਹੈ।

ਲੋਕ ਸਿਆਣਪਾਂ/84