ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜੱਟ ਗੰਨਾ ਨਹੀਂ ਦੇਂਦਾ ਭੇਲੀ ਦੇ ਦੇਂਦਾ ਹੈ——ਇਸ ਅਖਾਣ ਵਿੱਚ ਜੱਟ ਦੇ ਅਲਬੇਲੇ ਸੁਭਾਅ ਦਾ ਵਰਨਣ ਕੀਤਾ ਗਿਆ ਹੈ, ਜੋ ਅੜੀ ਵਿੱਚ ਕੋਈ ਮਾਮੂਲੀ ਚੀਜ਼ ਨਹੀਂ ਦੇਂਦਾ ਪ੍ਰੰਤੂ ਮਨ ਦੀ ਮੌਜ ਵਿੱਚ ਵੱਡਮੁੱਲੀ ਵਸਤੂ ਮੁਫ਼ਤ ਵਿੱਚ ਦੇ ਦੇਂਦਾ ਹੈ।

ਜੱਟ ਜੱਟਾਂ ਦੇ ਸਾਲ਼ੇ ਵਿਚ ਕਰਦੇ ਘਾਲ਼ੇ-ਮਾਲ਼ੇ——ਜਦੋਂ ਚਾਰ-ਪੰਜ ਜਣੇ ਰਲ਼ ਕੇ ਕਿਸੇ ਨੂੰ ਲੁੱਟ ਲੈਣ, ਉਦੋਂ ਇਹ ਅਖਾਣ ਵਰਤਦੇ ਹਨ।

ਜੱਟ ਜਾਣੇ ਤੇ ਬਿੱਜੂ ਜਾਣੇ, ਚੂਹੜਾ ਨੌ ਬਰ ਨੌ——ਜਦੋਂ ਕੋਈ ਬੰਦਾ ਆਪਣੇ ਆਪ ਨੂੰ ਬਚਾ ਕੇ, ਦੋ ਆਪਸ ਵਿੱਚ ਟਕਰਾ ਰਹੀਆਂ ਧਿਰਾਂ ਵਿਚਕਾਰ ਨਿਰਲੇਪ ਤੇ ਅਟੰਕ ਰਹਿ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਜੱਟ ਤੇ ਸੂਰ ਬਰਾਬਰ, ਜੱਟ ਤੋਲਾ ਭਾਰਾ, ਸੂਰ ਪੁੱਟੇ ਮਰਲਾ ਜੱਟ ਵਿੱਘਾ ਸਾਰਾ——ਇਸ ਅਖਾਣ ਵਿੱਚ ਜੱਟ ਦੇ ਸੁਭਾਅ ਨੂੰ ਸੂਰ ਨਾਲ਼ੋਂ ਵੀ ਅੱਥਰਾ ਦੱਸਿਆ ਗਿਆ ਹੈ। ਜੱਟ ਅੜੀ 'ਤੇ ਆਇਆ ਹੋਇਆ ਬਹੁਤ ਸਾਰਾ ਨੁਕਸਾਨ ਕਰ ਦਿੰਦਾ ਹੈ।

ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ——ਭਾਵ ਇਹ ਹੈ ਕਿ ਜੱਟ ਦੂਰ-ਦੁਰਾਡੇ ਜਾ ਕੇ ਵੀ ਉਥੋਂ ਦੇ ਜੱਟਾਂ ਨਾਲ਼ ਕੋਈ ਨਾ ਕੋਈ ਰਿਸ਼ਤੇਦਾਰੀ ਕੱਢ ਲੈਂਦਾ ਹੈ ਤੇ ਉਹ ਆਪਸ ਵਿੱਚ ਰਿਸ਼ਤੇਦਾਰ ਬਣ ਜਾਂਦੇ ਹਨ।

ਜੱਟ ਦੇ ਜੌਂ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ——ਇਸ ਅਖਾਣ ਵਿੱਚ ਜੱਟ ਦੇ ਮਤਲਬੀ ਸੁਭਾਅ ਦੇ ਕਿਰਦਾਰ ਦਾ ਵਰਨਣ ਕੀਤਾ ਗਿਆ ਹੈ।

ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ——ਇਸ ਅਖਾਣ ਰਾਹੀਂ ਇਹ ਦੱਸਿਆ ਗਿਆ ਹੈ ਕਿ ਜੱਟ ਕੀਤੇ ਨੂੰ ਨਹੀਂ ਜਾਣਦਾ ਅਤੇ ਛੋਲਿਆਂ ਵਾਸਤੇ ਬਹੁਤੀ ਵਾਹੀ ਦੀ ਲੋੜ ਨਹੀਂ।

ਜੱਟ ਪੰਜ ਨਹੀਂ ਸਹਿੰਦਾ ਪੰਜਾਹ ਸਹਿ ਲੈਂਦਾ ਹੈ——ਇਸ ਅਖਾਣ ਵਿੱਚ ਜੱਟ ਦੇ ਅਲੱਥੇ ਸੁਭਾਅ ਦਾ ਵਰਨਣ ਕੀਤਾ ਗਿਆ ਹੈ ਜੋ ਥੋੜ੍ਹਾ ਨੁਕਸਾਨ ਸਹਿਣ ਦੀ ਬਜਾਏ ਬਹੁਤਾ ਨੁਕਸਾਨ ਸਹਿ ਲੈਂਦਾ ਹੈ।

ਜੱਟ ਪਿਆਈ ਲੱਸੀ ਗਲ ਵਿੱਚ ਪਾ ਲਈ ਰੱਸੀ——ਭਾਵ ਇਹ ਹੈ ਕਿ ਜੱਟ ਉਸ ਵੱਲੋਂ ਕੀਤੇ ਹੋਏ ਮਾੜੇ ਮੋਟੇ ਅਹਿਸਾਨ ਨੂੰ ਵਾਰ-ਵਾਰ ਚਿਤਾਰਦਾ ਰਹਿੰਦਾ ਹੈ।

ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲ਼ਾ——ਇਸ ਅਖਾਣ ਰਾਹੀਂ ਜੱਟ ਦੇ ਭੋਲੇਪਣ ਅਤੇ ਸਾਦਗੀ ਦਾ ਜ਼ਿਕਰ ਕੀਤਾ ਗਿਆ ਹੈ।

ਜੱਟ ਮੋਇਆ ਜਾਣੀਏ, ਜਦ ਤੇਰਵਾਂ ਹੋਵੇ——ਇਹ ਅਖਾਣ ਜੱਟ ਦੇ ਸਖ਼ਤ ਜਾਨ ਹੋਣ ਦੀ ਸਾਖੀ ਭਰਦਾ ਹੈ। ਜੱਟ ਮਰਿਆ ਹੋਇਆ ਵੀ ਛੇਤੀ ਕਾਬੂ ਨਹੀਂ ਆਉਂਦਾ।

ਜੱਟ ਯਾਰ ਨਹੀਂ ਤੇ ਕਿੰਗ ਹਥਿਆਰ ਨਹੀਂ——ਭਾਵ ਇਹ ਹੈ ਕਿ ਜੱਟ ਦਾ ਕੋਈ | ਇਤਬਾਰ ਨਹੀਂ, ਪਤਾ ਨਹੀਂ ਕਦੋਂ ਵਿਗੜ ਜਾਵੇ।

ਲੋਕ ਸਿਆਣਪਾਂ/87