ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੱਟ ਵਧੇ ਰਾਹ ਬੱਧੇ, ਕਿਰਾੜ ਵਧੇ ਜੱਟ ਬੱਧੇ——ਇਸ ਅਖਾਣ ਰਾਹੀਂ ਜੱਟ ਅਤੇ ਕਿਰਾੜ ਦੇ ਜਾਤੀ ਸੁਭਾਅ ਬਾਰੇ ਦੱਸਿਆ ਗਿਆ ਹੈ। ਭਾਵ ਇਹ ਹੈ ਕਿ ਰੱਜਿਆ ਹੋਇਆ ਜੱਟ ਵਧੇਰੇ ਖ਼ਰੂਦ ਪਾਉਂਦਾ ਹੈ ਤੇ ਰਾਹ ਜਾਂਦਿਆਂ ਨੂੰ ਲੁੱਟ ਲੈਂਦਾ ਹੈ। ਜਦੋਂ ਕਿਰਾੜ ਸੌਖਾ ਹੋਵੇ, ਉਹ ਜੱਟਾਂ 'ਤੇ ਮੁਕੱਦਮੇ ਕਰਕੇ ਉਸ ਨੂੰ ਕੈਦ ਕਰਵਾ ਦਿੰਦਾ ਹੈ।

ਜਥਾ ਰਾਜਾ ਤਥਾ ਪਰਜਾ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੋ ਜਿਹੀ ਸਰਕਾਰ ਹੋਵੇਗੀ, ਉਹੋ ਜਿਹੇ ਲੋਕ ਹੋਣਗੇ। ਸਰਕਾਰੀ ਪ੍ਰਬੰਧ ਦਾ ਆਮ ਲੋਕਾਂ 'ਤੇ ਅਸਰ ਪੈਂਦਾ ਹੈ।

ਜਦ ਤੱਕ ਸਾਸ, ਤਦ ਤੱਕ ਆਸ——ਭਾਵ ਸਪੱਸ਼ਟ ਹੈ ਕਿ ਮਨੁੱਖ ਮਰਦੇ ਦਮ ਤੱਕ ਆਸ ਦਾ ਪੱਲਾ ਨਹੀਂ ਛੱਡਦਾ।

ਜਦ ਦੇ ਜੰਮੇ ਚੰਦਰ ਭਾਨ, ਚੁ ਚੁਲ੍ਹੇ ਅੱਗ ਨਾ ਮੰਜੇ ਬਾਣ——ਕਿਸੇ ਮਨਹੂਸ ਬੰਦੇ ਨੂੰ ਭੰਡਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਜਦ ਮਸਾਣਾਂ ਵਿੱਚ ਪੁੱਜੀ ਦੇਹ, ਬਾਣੀਆਂ ਚਮੜੀ ਦੇ, ਪਰ ਦਮੜੀ ਨਾ ਦੇ—— ਇਹ ਅਖਾਣ ਬਾਣੀਏਂ ਦੀ ਤੰਗ-ਦਿਲੀ ਅਤੇ ਕੰਜੂਸੀ ਦਾ ਚਿੱਤਰ ਪੇਸ਼ ਕਰਦਾ ਹੈ। ਬਾਣੀਆਂ ਮਰ ਕੇ ਵੀ ਹੱਥੋਂ ਕੁਝ ਨਹੀਂ ਦੇਂਦਾ।

ਜਦੋਂ ਰੱਬ ਦੇਣ ਤੇ ਆਵੇ ਤਾਂ ਛੱਤ ਪਾੜ ਕੇ ਦਿੰਦਾ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਰੱਬ ਦੇ ਰੰਗ ਨਿਆਰੇ ਹਨ। ਜਦੋਂ ਉਹ ਕਿਸੇ 'ਤੇ ਤਰੁੱਠਦਾ ਹੈ ਤਾਂ ਬੰਦੇ ਨੂੰ ਉਹ ਕੁਝ ਪ੍ਰਾਪਤ ਹੋ ਜਾਂਦਾ ਹੈ ਜਿਸ ਦੀ ਉਸ ਨੂੰ ਉੱਕਾ ਹੀ ਉਮੀਦ ਨਾ ਹੋਵੇ।

ਜਨਮ ਨਾ ਕੰਘੀ ਵਾਹੀ, ਸਿਰ ਬੁਕ ਬੁਕ ਲੀਖਾਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਲਾਪ੍ਰਵਾਹੀ ਕਾਰਨ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈ ਜਾਣ।

ਜ਼ਨਾਨੀ ਹੋਵੇ ਭੁੱਖੀ, ਸਵੇਲੇ ਧੂਣੀ ਧੁਖੀ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਤੀਵੀਂ ਭੁੱਖੀ ਹੋਵੇ ਤਾਂ ਉਹ ਆਮ ਸਮੇਂ ਨਾਲ਼ੋਂ ਪਹਿਲਾਂ ਰੋਟੀ ਟੁੱਕ ਦਾ ਆਹਰ ਕਰ ਲੈਂਦੀ ਹੈ।

ਜੰਮ ਮੁੱਕੀ ਨਹੀਂ, ਨੱਕ ਨਾਨਕਿਆਂ 'ਤੇ——ਇਹ ਅਖਾਣ ਉਸ ਹੋਛੇ ਤੇ ਛੋਟੇ ਬੰਦੇ ਲਈ ਵਰਤਦੇ ਹਨ ਜਿਹੜਾ ਫ਼ੋਕੀ ਆਕੜ ਦਿਖਾਵੇ ਤੇ ਗੁਸਤਾਖੀ ਕਰੇ।

ਜੰਮਣ ਵਾਲੇ ਛੁੱਟ ਗਏ, ਸਹੇੜੜੇ ਫਸ ਗਏ——ਇਹ ਅਖਾਣ ਆਮ ਤੌਰ 'ਤੇ ਸੱਸਾਂ ਆਪਣੀਆਂ ਅਵੈੜੇ ਸੁਭਾਅ ਵਾਲ਼ੀਆਂ ਨੂੰਹਾਂ ਲਈ ਵਰਤਦੀਆਂ ਹਨ।

ਜਮਾਤ ਕਰਾਮਾਤ——ਭਾਵ ਇਹ ਹੈ ਕਿ ਇਕੱਠ ਅਤੇ ਏਕੇ ਵਿੱਚ ਬਹੁਤ ਵੱਡੀ ਬਰਕਤ ਹੁੰਦੀ ਹੈ, ਇੱਕਠਿਆਂ ਹੋ ਕੇ ਔਖੇ ਤੋਂ ਔਖਾ ਕੰਮ ਵੀ ਸੁਖਾਲ਼ਿਆਂ ਨਿੱਬੜ ਜਾਂਦਾ ਹੈ।

ਲੋਕ ਸਿਆਣਪਾਂ/88