ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਖਾਣ ਦਾ ਭਾਵ ਇਹ ਹੈ ਕਿ ਬਹੁਤ ਸਾਰਾ ਘਾਟਾ ਪੈ ਜਾਣ ਮਗਰੋਂ ਥੋੜ੍ਹੀ-ਥੋੜ੍ਹੀ ਕੰਜੂਸੀ ਕਰਨ ਨਾਲ਼ ਕੁਝ ਨਹੀਂ ਬਣਦਾ।

ਜਿੱਥੇ ਮੁੱਲਾਂ ਦੀ ਮਸੀਤ, ਉਥੇ ਮੁੰਡਿਆਂ ਦੀ ਖੇਡ——ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੋਹਾਂ ਦੇ ਮੇਲ ਨੂੰ ਅਣਜੋੜ ਦੱਸਣਾ ਹੋਵੇ, ਮੁੰਡਿਆਂ ਨੇ ਤਾਂ ਰੌਲ਼ਾ-ਰੱਪਾ ਪਾਉਣਾ ਹੈ ਤੇ ਮਸੀਤ ਵਿੱਚ ਤਾਂ ਚੁੱਪ ਲੋੜੀਂਦੀ ਹੈ।

ਜਿੱਥੇ ਲੜੀਏ ਆਪਣੇ, ਭੱਜ ਜਾਣ ਪਰਾਏ——ਭਾਵ ਇਹ ਹੈ ਕਿ ਔਖੇ ਸਮੇਂ ਆਪਣੇ ਅੰਗ ਸਾਕ ਹੀ ਕੰਮ ਆਉਂਦੇ ਹਨ।

ਜਿੱਧਰ ਗਈ ਸੋਹਣੀ, ਉੱਧਰ ਗਏ ਮਹੀਂਵਾਲ——ਜਦੋਂ ਇਕੋ ਜਿਹੀਆਂ ਦੋਹਾਂ ਚੀਜ਼ਾਂ ਦਾ ਨਾਲ਼ੋਂ ਨਾਲ਼ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਜਿਧਰ ਗਈਆਂ ਬੇੜੀਆਂ ਉਧਰ ਗਏ ਮਲਾਹ——ਜਦੋਂ ਕਿਸੇ ਇਕ ਚੀਜ਼ ਨਾਲ਼ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋ ਜਾਵੇ, ਉਦੋਂ ਇੰਜ ਆਖੀਦਾ ਹੈ।

ਜਿਨ੍ਹਾਂ ਖਾਧਾ ਕੁਨਾਲੀਆਂ, ਉਹਨਾਂ ਕੀ ਆਖਣ ਥਾਲੀਆਂ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਬਹੁਤਾ ਲਾਭ ਕਮਾਉਣ ਵਾਲ਼ੇ ਨੂੰ ਥੋੜ੍ਹਾ ਲਾਭ ਪ੍ਰਾਪਤ ਹੋਵੇ।

ਜਿਨ੍ਹਾਂ ਖਾਧਾ ਲੱਪ ਗੜੱਪਾਂ, ਉਹਨਾਂ ਕੀ ਆਖੇ ਉਂਗਲ ਚੱਟੀ——ਭਾਵ ਇਹ ਹੈ ਕਿ ਬਹੁਤਾ ਰੱਜ ਕੇ ਖਾਣ ਵਾਲ਼ਿਆਂ ਦੀ ਥੋੜ੍ਹਾ ਖਾ ਕੇ ਤਿਪਤੀ ਨਹੀਂ ਹੁੰਦੀ।

ਜਿਨ੍ਹਾਂ ਖਾਧੀਆਂ ਚੌਪੜੀਆਂ ਘਣੇ ਸਹਿਣਗੇ ਦੁੱਖ——ਇਸ ਅਖਾਣ ਰਾਹੀਂ ਇਹ ਦੱਸਿਆ ਗਿਆ ਹੈ ਕਿ ਬਹੁਤੀ ਐਸ਼ ਕਰਨ ਵਾਲ਼ੇ ਬੰਦੇ ਅੰਤ ਨੂੰ ਦੁਖ ਭੋਗਦੇ ਹਨ।

ਜਿਨ੍ਹਾਂ ਜਣੀਆਂ ਉਹਨਾਂ ਬਣੀਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀਆਂ ਦੇ ਦੁੱਖ ਮਾਵਾਂ ਝਲਦੀਆਂ ਹਨ, ਸੱਸਾਂ ਨਹੀਂ।

ਜਿੰਨ੍ਹਾਂ ਫਲੇ ਓਨਾ ਝੁਕੇ——ਭਾਵ ਇਹ ਹੈ ਕਿ ਜਿੰਨਾ ਕੋਈ ਗੁਣਵਾਨ ਬਣਦਾ ਜਾਂਦਾ ਹੈ, ਓਨੀ ਹੀ ਉਸ ਵਿੱਚ ਨਿਮਰਤਾ ਆ ਜਾਂਦੀ ਹੈ।

ਜਿਨ੍ਹਾਂ ਨੂੰ ਲੱਗੇ ਪ੍ਰੇਮ ਚਟੋਕੇ ਘਰ ਦੇ ਕੰਮੋਂ ਗਈਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਇਸ਼ਕ ਕਮਾਉਣ ਵਾਲ਼ੇ ਬੰਦੇ ਨਾ ਆਪਣੇ ਜੋਗੇ ਰਹਿੰਦੇ ਹਨ, ਨਾ ਘਰਦਿਆਂ ਜੋਗੇ।

ਜੀ ਓ ਢਿੱਡਾ ਜੀ, ਤੂੰਹੋਂ ਪੁੱਤਰ ਤੂੰਹੇਂ ਧੀ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਆਪਣੇ ਕਿਸੇ ਵੀ ਸਾਕ ਸਬੰਧੀ ਦੀ ਪ੍ਰਵਾਹ ਨਾ ਕਰੇ ਤੇ ਆਪਣੀ ਐਸ਼ ਪ੍ਰਸਤੀ ਵਿੱਚ ਰੁੱਝਿਆ ਰਹੇ।

ਜੀ ਨੂੰ ਹੀ ਜੀ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜੇ ਲੋਕ ਮਿੱਠੇ ਬਚਨ ਬੋਲਦੇ ਹਨ ਉਹਨਾਂ ਦਾ ਆਦਰ ਮਾਣ ਹੁੰਦਾ ਹੈ। ਜਿਹੋ ਜਿਹਾ ਵਰਤਾਰਾ ਤੁਸੀਂ ਕਿਸ ਨਾਲ ਕਰੋਗੇ, ਉਹ ਵੀ ਅੱਗੋਂ ਉਹੋ ਜਿਹਾ ਵਰਤਾਰਾ ਕਰੇਗਾ।

ਲੋਕ ਸਿਆਣਪਾਂ/94