ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਉਂਦੇ ਦਾ ਲਖ, ਮੋਏ ਦਾ ਸਵਾ ਲੱਖ——ਇਹ ਅਖਾਣ ਆਮ ਕਰਕੇ ਹਾਥੀ ਬਾਰੇ ਵਰਤਦੇ ਹਨ। ਜਦੋਂ ਕਿਸੇ ਵਸਤੂ ਦੇ ਵਿਗੜ ਜਾਣ ਮਗਰੋਂ ਉਸ ਦੀ ਕਦਰ ਪਵੇ, ਉਦੋਂ ਆਖਦੇ ਹਨ।

ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ——ਜਦੋਂ ਕੋਈ ਜਣਾ ਅਮੀਰ ਮੂਰਖ਼ਾਂ ਦੀ ਸਿਫ਼ਤ ਕਰੇ ਪ੍ਰੰਤੂ ਗ਼ਰੀਬ ਸਿਆਣਿਆਂ ਦੀ ਨਿੰਦਿਆ, ਉਦੋਂ ਇਹ ਅਖਾਣ ਵਰਤਦੇ ਹਨ।

ਜੀਹਨੇ ਲਾਈ ਗੱਲੀਂ, ਓਸੇ ਨਾਲ਼ ਉਠ ਚੱਲੀ——ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਮਗਰ ਲੱਗ ਤੁਰੇ।

ਜੀਹਨੂੰ ਪੂਛੋਂ ਫੜ ਉਠਾਇਆ, ਉਹਨੇ ਜੋਤਰਾ ਕਦੋਂ ਲਾਇਆ——ਜਦੋਂ ਕਿਸੇ ਨਿਕੰਮੇ ਆਦਮੀ ਨੂੰ ਮਜ਼ਬੂਰ ਕਰਕੇ ਕੰਮ ਤੇ ਲਾਇਆ ਜਾਵੇ ਤੇ ਉਹ ਕੰਮ ਨਾ ਮੁਕਾਵੇ, ਉਦੋਂ ਬੋਲਦੇ ਹਨ।

ਜੂਆਂ ਤੋਂ ਡਰਦਿਆਂ ਲੇਫ਼ ਨਹੀਂ ਸੁੱਟ ਦਈ ਦੇ——ਇਸ ਅਖਾਣ ਦਾ ਭਾਵ ਇਹ ਹੈ ਕਿਸੇ ਚੀਜ਼ 'ਚ ਮਾੜਾ ਮੋਟਾ ਨੁਕਸ ਹੋਣ ਕਰਕੇ ਉਹ ਚੀਜ਼ ਸੁੱਟਣੀ ਨਹੀਂ ਚਾਹੀਦੀ ਬਲਕਿ ਨੁਕਸ ਨੂੰ ਦੂਰ ਕਰਵਾਉਣਾ ਚਾਹੀਦਾ ਹੈ।

ਜੇ ਸ਼ਹੁ ਭਾਵੇ, ਖੁਲ੍ਹੇ ਵਾਲ਼ ਗਲ਼ੇ ਵਿੱਚ ਪਾਵੇ——ਭਾਵ ਇਹ ਹੈ ਕਿ ਜਿਹੜੀ ਤੀਵੀਂ ਤੇ ਉਸ ਦਾ ਪਤੀ ਖ਼ੁਸ਼ ਹੋਵੇ ਉਹ ਨੂੰ ਬੇਲੋੜੇ ਹਾਰ ਸ਼ਿੰਗਾਰ ਕਰਨ ਦੀ ਲੋੜ ਨਹੀਂ।

ਜੇ ਸਾਹਿਬ ਕੁਝ ਕੀਤਾ ਲੋੜੇ, ਸੌ ਸਬਬ ਇਕ ਪਲ ਵਿੱਚ ਜੋੜੇ——ਜਦੋਂ ਰੱਬ ਕਿਸੇ 'ਤੇ ਦਿਆਲ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਪਜ ਰੰਗ ਲਾ ਕੇ ਖ਼ੁਸ਼ੀਆਂ ਪ੍ਰਦਾਨ ਕਰ ਦਿੰਦਾ ਹੈ।

ਜੇ ਕੋਈ ਕੋਲ਼ ਨਾ ਹੋਵੇ ਤਾਂ ਕੰਧ ਕੋਲੋਂ ਵੀ ਸਲਾਹ ਲੈ ਲਈਏ——ਇਸ ਅਖਾਣ ਰਾਹੀਂ ਕੋਈ ਕੰਮ ਕਰਨ ਤੋਂ ਪਹਿਲਾਂ ਕਿਸੇ ਦੂਜੇ ਬੰਦੇ ਦੀ ਸਲਾਹ ਲੈਣ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।

ਜੇ ਖਤਰੀ ਸਿਰ ਘੱਟਾ ਪਾਵੇ, ਤਾਂ ਵੀ ਖਤਰੀ ਖਟ ਘਰ ਆਵੇ——ਇਸ ਅਖਾਣ ਵਿੱਚ ਖਤਰੀ ਜਾਤੀ ਦੀ ਸਿਆਣਪ ਅਤੇ ਹੁਸ਼ਿਆਰੀ ਬਾਰੇ ਦੱਸਿਆ ਗਿਆ ਹੈ ਕਿ ਉਹ ਮਾੜੇ ਤੋਂ ਮਾੜੇ ਕੰਮ ਵਿੱਚੋਂ ਵੀ ਕਮਾਈ ਕਰ ਲੈਂਦਾ ਹੈ।

ਜੇ ਚਾਹੇਂ ਸੁਖ ਜੀਵਿਆਂ ਭਲਾ ਸਭਸ ਦਾ ਮੰਗ——ਭਾਵ ਇਹ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲਾ ਪੁਰਸ਼ ਸਦਾ ਸੁਖੀ ਰਹਿੰਦਾ ਹੈ।

ਜੇ ਜੌਂ ਜਾਵੇ, ਤਾਂ ਕੋਈ ਨਾ ਆਵੇ, ਜੇ ਜੌਂ ਪੱਕੇ ਤਾਂ ਮਿਲਣ ਸੱਕੇ——ਭਾਵ ਇਹ ਹੈ ਕਿ ਸਾਰੇ ਸਾਕ ਸਬੰਧੀ ਅਤੇ ਮਿੱਤਰ ਪਿਆਰੇ ਆਪਣੀ-ਆਪਣੀ ਗਰਜ਼ ਨਾਲ਼ ਹੀ ਬੰਨੇ ਹੋਏ ਹਨ।

ਜੇ ਦਿਨ ਹੋਵਣ ਪੱਧਰੇ, ਭੁੱਜੇ ਉੱਗਣ ਮੋਠ——ਜਦੋਂ ਕਿਸੇ ਦਾ ਨਾ ਹੋ ਸਕਣ ਵਾਲਾ ਕੰਮ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਲੋਕ ਸਿਆਣਪਾਂ/95