ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੁੱਤੇ ਹੋਏ ਦੀਆਂ ਛੜਾਂ ਵੀ ਖਾਣੀਆਂ ਪੈਂਦੀਆਂ ਹਨ——ਭਾਵ ਇਹ ਹੈ ਕਿ ਕਮਾਈ ਕਰਕੇ ਖੁਆਉਣ ਵਾਲ਼ੇ ਬੰਦੇ ਦੀਆਂ ਵਧੀਕੀਆਂ ਵੀ ਸਹਿਣੀਆਂ ਪੈਂਦੀਆਂ ਹਨ।

ਜੁਲਾਹਿਆਂ ਦੀਆਂ ਮਸ਼ਕਰੀਆਂ ਮਾਂ ਭੈਣ ਨਾਲ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਮੂਰਖ਼ ਬੰਦਾ ਮਖ਼ੌਲ ਕਰਨ ਲੱਗਿਆਂ ਥਾਂ ਕੁ ਥਾਂ ਨਾ ਦੇਖੇ।

ਜੁਲਾਹਿਆਂ ਦੇ ਪਠਾਣ ਵਗਾਰੀ——ਜਦੋਂ ਕੋਈ ਕਮਜ਼ੋਰ ਬੰਦਾ ਆਪਣੇ ਤੋਂ ਤਕੜੇ ਬੰਦੇ ਨੂੰ ਆਪਣੇ ਅਧੀਨ ਕਰਕੇ ਕੰਮ ਲਵੇ, ਉਦੋਂ ਇੰਜ ਆਖਦੇ ਹਨ।

ਜੂਆ ਮਿੱਠੀ ਹਾਰ——ਜੂਏ ਦਾ ਚਸਕਾ ਬਹੁਤ ਮਾੜਾ ਹੈ, ਜੁਆਰੀਆ ਜਿੱਤਣ ਦੀ ਆਸ ਵਿੱਚ ਖੇਡੀ ਜਾਂਦਾ ਹੈ ਤੇ ਨੁਕਸਾਨ ਝਲਦਾ ਹੈ।

ਜੂਠ ਝੂਠ ਤੇ ਪਲੇ ਕਪੂਤ——ਇਹ ਅਖਾਣ ਮਾੜੇ ਬੰਦਿਆਂ ਦੇ ਭੈੜੇ ਚਾਲੇ ਵੇਖ ਕੇ ਬੋਲਦੇ ਹਨ।

ਜੋ ਵੱਟਿਆ ਸੋ ਖੱਟਿਆ——ਮੰਦਵਾੜੇ ਦੇ ਦਿਨਾਂ ਵਿੱਚ ਦੁਕਾਨਦਾਰ ਆਮ ਕਰਕੇ ਇਹ ਅਖਾਣ ਬੋਲਦੇ ਹਨ, ਭਾਵ ਇਹ ਹੈ ਜਿਹੜੀ ਮਾੜੀ ਮੋਟੀ ਵੱਟਤ ਹੋ ਗਈ ਹੈ ਉਹੀ ਚੰਗੀ ਹੈ।

ਜੋਏ ਹਲ਼ ਤੇ ਪਾਏ ਫਲ਼——ਭਾਵ ਇਹ ਹੈ ਕਿ ਜਿਹੜਾ ਕਿਸਾਨ ਆਪ ਹਲ਼ ਵਾਹ ਕੇ ਮਿਹਨਤ ਨਾਲ਼ ਖੇਤੀ ਕਰਦਾ ਹੈ ਉਸ ਦੀ ਫ਼ਸਲ ਚੰਗੀ ਹੁੰਦੀ ਹੈ, ਉਸ ਨੂੰ ਮਿਹਨਤ ਦਾ ਫ਼ਲ ਚੰਗੀ ਫ਼ਸਲ ਦੇ ਰੂਪ ਵਿੱਚ ਮਿਲ ਜਾਂਦਾ ਹੈ।

ਜ਼ੋਰਾਵਰਾਂ ਨਾਲ਼ ਭਿਆਲੀ, ਉਹ ਮੰਗੇ ਹਿੱਸਾ ਉਹ ਕਢੇ ਗਾਲ਼ੀ——ਜਦੋਂ ਕਿਸੇ ਤਕੜੇ ਬੰਦੇ ਕੋਲੋਂ ਆਪਣਾ ਹਿੱਸਾ ਮੰਗਣ ਗਏ ਨੂੰ ਕੁਝ ਦੇਣ ਦੀ ਥਾਂ ਉਹ ਗਾਲ਼ੀਆਂ ਕਢੇ, ਉਦੋਂ ਇਹ ਅਖਾਣ ਬੋਲਦੇ ਹਨ।

ਜੋੜ ਗਏ ਸੋ ਰੋੜ੍ਹ ਗਏ, ਖਾ ਗਏ ਰੰਗ ਲਾ ਗਏ——ਭਾਵ ਸਪੱਸ਼ਟ ਹੈ ਕਿ ਕੰਜੂਸੀ ਕਰਨ ਦਾ ਕੋਈ ਲਾਭ ਨਹੀਂ।

ਜੋੜ ਜੋੜ ਮਰ ਜਾਣਗੇ ਤੇ ਮਾਲ ਜਵਾਈ ਖਾਣਗੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕੰਜੂਸ ਧਨ-ਦੌਲਤ ਜੋੜਕੇ ਮਰ ਜਾਂਦੇ ਹਨ ਮਗਰੋਂ ਬਿਗਾਨੇ ਪੁੱਤ ਉਸ ਧਨਦੌਲਤ ਦੇ ਸਿਰ 'ਤੇ ਐਸ਼ ਕਰਦੇ ਹਨ।

ਜੋੜੀਆਂ ਜਗ ਥੋੜੀਆਂ, ਨਰੜ ਬਥੇਰੇ——ਜਦੋਂ ਵਿਆਹ ਮਗਰੋਂ ਕਿਸੇ ਜੋੜੇ ਦੀ ਆਪਸ ਵਿੱਚ ਨਾ ਨਿਭੇ, ਉਦੋਂ ਇਹ ਅਖਾਣ ਬੋਲਦੇ ਹਨ। ਬਹੁਤੇ ਜੋੜੇ ਬਦੋ ਬਦੀ ਨਰੜੇ ਜਾਂਦੇ ਹਨ।

ਸੌਂ ਜੰਮੇ ਤੇ ਕਣਕਾਂ ਨਿਸਰੀਆਂ, ਧੀਆਂ ਜੰਮੀਆਂ ਤੇ ਭੈਣਾਂ ਵਿਸਰੀਆਂ——ਇਹ ਅਖਾਣ ਆਮ ਕਰਕੇ ਭੈਣਾਂ ਆਪਣੇ ਭਰਾਵਾਂ ਨੂੰ ਉਲਾਂਭੇ ਵਜੋਂ ਬੋਲਦੀਆਂ ਹਨ——ਭਰਾਵਾ

ਲੋਕ ਸਿਆਣਪਾਂ/97