ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/106

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤੂੰ ਬਖਸ਼ਸ਼ਾਂ ਦਾ ਖਜ਼ਾਨਾ, ਖਿਮਾਂ ਦਾ ਭੰਡਾਰ,
ਕੋਈ ਨੀਵਾਂ ਨਾ ਤੇਰੇ ਲਈ,
ਨਾ ਕੋਈ ਗੁਨਾਹਗਾਰ ਬੰਦਾ ਨਾ ਜ਼ਨਾਨੀ,
ਤੂੰ ਸੁਣਾਂਦਾ ਉਨ੍ਹਾਂ ਨੂੰ ਆਪਣੇ ਬਾਪੂ ਦੀਆਂ ਬਖਸ਼ਸ਼ਾਂ ਦੇ ਕਿੱਸੇ,
ਤੇ ਪਏ ਅਗੋਂ ਆਪ ਬਖਸ਼ਸ਼ਾਂ ਕਰਦੇ, ਏਨੀਆਂ ਬਖਸ਼ਸ਼ਾਂ ਹੁੰਦੀਆਂ
ਉਨ੍ਹਾਂ ਤੋਂ!

ਟੁਰਿਆ ਟੁਰਿਆ ਜਾਂਦਾ ਤੂੰ,
ਰਾਹੋਂ ਕੁਰਾਹੇ,
ਉਚਿਆਂਦਾ ਢੱਠਿਆਂ ਨੂੰ,
ਉਠਾਂਦਾ ਡਿੱਗਿਆਂ ਨੂੰ,
ਪਿਆਰਦਾ ਉਨ੍ਹਾਂ ਨੂੰ ਜਿਨ੍ਹਾਂ ਨੂੰ ਨਾ ਪਿਆਰਦਾ ਕਦੀ ਕੋਈ,
ਜਮਤੀਲਾਂ ਦੇ ਪੈਰ ਝੱਸਦਾ,
ਚੁੰਮਦਾ ਕੋੜ੍ਹਿਆਂ ਨੂੰ,
ਰਾਜ਼ੀ ਕਰਦਾ ਅਸਾਧ ਰੋਗਾਂ ਦੇ ਰੋਗੀਆਂ ਨੂੰ,
ਲੰਙਿਆਂ ਲੂਲ੍ਹਿਆਂ ਨੂੰ ਚੁਕ ਲੈਂਦਾ ਆਪਣੀ ਕੰਧਾੜੀਂ,
ਦਾਰੂ ਦਰਮਲ ਕਰਦਾ ਉਹਨਾਂ ਦੇ ਜ਼ਖ਼ਮਾਂ ਦਾ।

ਗੀਤ ਗਾਉਂਦਾ ਤੂੰ,
ਸੜਕਾਂ ਤੇ ਚੁਰੱਸਤਿਆਂ ਤੇ,
ਬਾਜ਼ਾਰਾਂ ਦਿਆਂ ਮੋੜਾਂ ਤੇ,
ਆਬਾਦੀਆਂ ’ਚ ਵਿਰਾਨਿਆਂ 'ਚ,

੧੦੧