ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/108

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੇ ਈਸਾ!
ਪਿਆਰਾਂ ਦਾ ਰਾਜ ਓਡਾ ਹੀ ਦੂਰ ਹੈ ਅਜੇ ਵੀ,
ਬਾਪੂ ਦੀ ਬਾਦਸ਼ਾਹਤ ਓਨੀ ਹੀ ਦੂਰ ਅਜੇ ਵੀ,
ਭਲਵੇਂ ਤੇ ਭੁਲੇਖੇ ਓਵੇਂ ਹੀ ਪਏ ਹਨ ਅਜੇ ਵੀ।

ਤੂੰ ਫਿਰ ਕਾਸ ਨੂੰ ਆਇਆ ਸੈਂ?
ਕਾਸ ਨੂੰ ਸੂਲੀ ਚੜ੍ਹਿਆ ਸੈਂ?
ਤੇਰੇ ਜਿਹੇ ਕਾਸ ਨੂੰ ਆਏ ਸਨ?
ਕਾਸ ਨੂੰ ਆਉਂਦੇ ਨੇ?
ਕਾਸ ਨੂੰ ਸੂਲੀ ਚੜ੍ਹਦੇ ਨੇ?

ਨਿਰਾ ਇਹ ਦੱਸਣ,
ਕਿ ਹੱਕ ਨੂੰ ਸਦਾ ਫਾਂਸੀ,
ਤੇ ਸਚ ਨੂੰ ਸਦਾ ਸੂਲੀ,
ਫੜਿਅਨ ਹਮੇਸ਼ਾ ਸਾਧ,
ਮਾਰੀਅਨ ਹਮੇਸ਼ਾ ਸਿਧੇ,
ਕਿ ਗਲਾ ਘੁਟਸੀ ਹਮੇਸ਼ਾ ਦਿਆਨਤ ਦਾ,
ਬੇੜਾ ਡੁਬਸੀ ਹਮੇਸ਼ਾ ਪਿਆਰਾਂ ਦਾ।

ਤੇ ਹਾਂ ਕਿ,
ਸੂਲੀ ਉਤੇ ਸਵਾਦ ਹੈ ਜੋ ਫੁੱਲ-ਸੇਜਾਂ ਤੇ ਨਹੀਂ,
ਫਾਂਸੀ ਵਿਚ ਉਹ ਸੁਖ ਹੈ, ਕਿ ਹਕੂਮਤ ਵਿਚ ਨਹੀਂ,

੧੦੩