ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੈਂ ਪਟੇ ਵਾਲਾਂ ਕੁੱਤਾ ਹਾਂ!

ਰਤਾ ਨਿਢਾਲ ਹੁੰਦਾ ਚਿਤ ਮੇਰਾ, ਤਰਥੱਲੀ ਪੈਂਦੀ ਸਾਰੇ,
ਸੋਹਣੀ ਮੇਮ ਸਾਬ੍ਹ ਮੇਰੀ, ਸਿਰਹਾਣੇ ਬਹਿੰਦੀ,
ਮੇਰੇ ਮਾਲਿਕ ਸਾਬ੍ਹ ਬਹਾਦੁਰ ਨੂੰ, ਕੁਝ ਹੋਸ਼ ਨਾ ਰਹਿੰਦੀ,
ਸਭ ਫਿਰਦੇ ਆਲ ਦੁਆਲੇ, ਐਸੀ ਸੁੰਞ ਵਰਤਦੀ,
ਸਲੋਤਰੀਆਂ ਦੇ ਭਾ ਦੀ ਬਸ ਆਫ਼ਤ ਆਉਂਦੀ।
ਮੈਂ ਪਟੇ ਵਾਲਾ ਕੁਤਾ ਹਾਂ!

ਮੈਂ ਵਢਦਾ ਕਿਸੇ ਜੇ ਰਾਹੀ ਨੂੰ, ਕੋਈ ਲੇਪ ਨਾ ਮੈਨੂੰ,
ਉਹ ਭੌਂਦੂ, ਅੰਨ੍ਹਾ, ਉੱਲੂ, ਕਿਉਂ ਮੇਰੇ ਨੇੜੇ ਆਇਆ?
ਪਰ ਕੋਈ ਜੋ ਘੁਰਕੇ ਮੈਂ ਤਾਈਂ, ਉਹ ਫਾਂਸੀ ਚੜ੍ਹਦਾ,
ਕਿਉਂ ਉਹ ਮੈਨੂੰ ਘੁਰਕਦਾ, ਮੈਂ ਰਾਹੇ ਰਾਹ ਜਾਂਦਾ,
ਇਹ ਸਭ ਰਾਹ ਮੇਰੇ।
ਮੈਂ ਪਟੇ ਵਾਲਾ ਕੁੱਤਾ ਹਾਂ!

ਰਾਖੀ ਮੈਂ ਨਾ ਕਰਦਾ, ਮੇਰੀ ਰਾਖੀ ਰਹਿੰਦਾ,
ਸ਼ਿਕਾਰੇ ਮੈਂ ਨਾ ਚੜ੍ਹਦਾ, ਕੋਈ ਲੋੜ ਨਾ ਪੈਂਦੀ,
ਬਸ ਕਦੀ ਕਦੀ ਮੈਂ ਭੌਂਕਦਾ, ਐਵੇਂ ਡਰਦਾ ਡਰਦਾ,
ਖਿਦਮਤ ਜਾਂ ਕੋਈ ਨੌਕਰੀ ਮੈਂ ਕਦੇ ਨਾ ਕਰਦਾ,
ਆਪਣੀ ਨੀਂਦੇ ਸੌਂ ਰਹਾਂ, ਜਾਗ ਆਪਣੀ ਜਾਗਦਾ।
ਮੈਂ ਪਟੇ ਵਾਲਾ ਕੁੱਤਾ ਹਾਂ!

੧੦੮