ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜਵਾਨੀ ਮੇਰੀ
ਜਵਾਨੀ ਮੇਰੀ,
ਉਛਲਦੀ ਉਮ੍ਹਲਦੀ
ਮੇਰੇ ਅੰਦਰ,
ਨਿਕਾ ਜਹਾ ਅੰਦਰ ਮੇਰਾ,
ਇਹ ਸ਼ਹੁ ਦਰਯਾ ਜਵਾਨੀ ਦਾ,
ਸਮੁੰਦਰ ਠਾਠਾਂ ਮਾਰਦਾ ਦਿਨ ਰਾਤ।
ਆਰਾਮ ਨਾ ਇਸ ਨੂੰ, ਉਂਘਲਾਣ ਨਾ, ਮੌਤ ਨਾ।
ਸਦਾ ਰਹਿੰਦੀ, ਸਦਾ ਰਹਿਣੀ ਨੌਂ ਬਰ ਨੌਂ ਇਹ ਜਵਾਨੀ ਮੇਰੀ।
ਠਾਠਾਂ ਇਸ ਦੀਆਂ, ਲਹਿਰਾਂ ਇਸ ਦੀਆਂ, ਛੱਲਾਂ,
ਉਠ ਉਠ, ਉਛਲ ਉਛਲ,
ਤੋੜ ਦੇਂਦੀਆਂ ਬੰਨੇ, ਬੰਨੀਆਂ, ਬੰਨ੍ਹ,
ਕੰਢੇ ਤੋੜਦੀਆਂ, ਇਹ ਛੱਲਾਂ ਕਹਿਰ ਦੀਆਂ ਉੱਠਣ ਦਿਨ ਰਾਤ।
ਵਗਦੀ ਨੰਗ-ਮੁਨੰਗੀ, ਬਿਨ ਵਾਹੋਂ, ਬਿਨ ਰਾਹੋਂ,
ਇਹ ਕਾਂਗ ਜਵਾਨੀ ਦੀ,
ਖੁਲ੍ਹੀ ਖੁਲ੍ਹ, ਅਜ਼ਾਦ ਆਜ਼ਾਦੀ,
ਬਿਨ ਆਦ, ਬਿਨ ਅੰਤ, ਬਿਨ ਆਦਰਸ਼, ਬਿਨ ਮਕਸਦ,
ਵਗਣਾ, ਉਛਲਣਾ, ਉਮ੍ਹਲਣਾ,
੧੨੦