ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/13

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਭੱਠ ਤੱਪਦੇ, ਧੁੰੰਧ ਹੋਈ ਸਾਰੇ ਧਰਤੀ ਦੀ ਹਵਾੜ ਨਾਲ,
ਇਕ ਕੁਰਲਾਟ ਮਚਿਆ, ਕੂਕਾਂ ਪੈਂਦੀਆਂ ਜੀਆਂ ਦੀਆਂ
ਇਸ ਹੁੰਮਸ ਵਿੱਚ ਟੁਰਿਆ ਜਾਂਦਾ, ਮੈਂ ਇਕ ਰਾਹੀ ਹਾਂ,
ਹਫਿਆ ਹੁਟਿਆ, ਸਾਹ ਘੁਟਿਆ ਮੇਰਾ।

ਕੋਈ ਸਾਥੀ ਨਹੀਂ ਕਿ ਆਸਰੇ ਹੋ ਚੱਲਾਂ,
ਨਾ ਕੋਈ ਮੇਲੀ ਕਿ ਪਤਾ ਦੱਸੇ ਇਹਨਾਂ ਰਾਹਾਂ ਦਾ,
ਨਾ ਆਗੂ ਕੋਈ ਕਿ ਪਿੱਛੇ ਹੋ ਟੁਰਾਂ।
ਇਕ ਉਜਾੜ ਬੀਆਬਾਨ, ਭਾਂ ਭਾਂ ਕਰਦਾ,
ਰਾਹ ਲੰਮਾ ਲੰਮਾ, ਜੁਗਾਂ ਜੁਗਾਂ ਦਾ ਅਮੁਕ,
ਆਸਰੇ ਦੀ ਜਾ ਨਹੀਂ, ਨਾ ਆਰਾਮ ਦਾ ਟਿਕਾਣਾ,
ਚੀਕ ਚਿਹਾੜਾ ਸੁਣੀਂਦਾ, ਸੂਰਤ ਦਿੱਸਦੀ ਨਾ ਕੋਈ,
ਪਿੱਛੇ, ਅੱਗੇ ਹੋਸਨ ਦੂਰ ਕਈ।
ਅਗਾ ਦਿਸਦਾ ਨਾ ਕੁਲ ਧੁੰਧ ਗੁਬਾਰ,
ਪਿੱਛਾ ਪਰਤ ਤੱਕਦਾ ਨਾ ਮੈਂ ਡਰ ਲਗਦਾ,
ਇਹ ਰਾਹ ਉੱਚਾ ਨੀਵਾਂ, ਪਥਰੀਲਾ, ਤਿਲ੍ਹਕਵਾਂ,
ਕਿਸ ਬਣਾਇਆ ਮੇਰੇ ਲਈ? ਪਤਾ ਨਾਂਹ।
ਕਦੋਂ ਟੁਰਿਆ ਮੈਂ ਇਸ ਰਾਹੇ? ਕਿੱਥੇ ਵਹਿਣਾ? ਪਤਾ ਨਾਂਹ
ਇਹ ਰਾਹ ਹੈ ਤੇ ਮੈਂ।
ਟੁਰਨਾ ਇਸ ਪੁਰ ਮੈਂ, ਰੋਂਦਾ ਭਾਵੇਂ ਹੱਸਦਾ,
ਅੱਖਾਂ ਪਕ ਗਈਆਂ ਮੇਰੀਆਂ ਮਜਲ ਉਡੀਕਦੀਆਂ,
ਮਜਲ ਕੋਈ ਦਿੱਸੀ ਨਾਂਹ, ਹਾਂ।