ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਠਾ ਬੁੱਤ, ਬਰਾਬਰ ਕਰ ਮੰਦਰ, ਪੱਧਰ ਕਰ ਕੰਧਾਂ-
ਕਿ ਡੱਕੇ ਹਟਣ, ਉਹਲੇ ਉੱਠਣ,
ਰਤਾ ਖੁਲ੍ਹ ਹੋਵੇ, ਰਤਾ ਹਵਾ ਆਵੇ,
ਕੇਹੀ ਕੈਦ ਹੈ, ਕੇਹਾ ਹੁੰਮਸ ਧੁੰਮਸ,
ਮੈਦਾਨ ਕਰ ਦੇ,
ਕਿ ਫੇਰ ਫੁੱਲ ਉੱਗਣ,
ਖੇੜਾ ਦਿੱਸੇ, ਖ਼ੁਸ਼ਬੂ ਆਵੇ।
ਉਠ ਜੀਵਨ-ਰਾਗਨੀ ਛੇੜ,,
ਕਿ ਮੁਰਦਾ ਮਰਦ ਸੰਸਾਰ ਤੇਰੇ ਆਸਰੇ ਜੀਵੇ
ਖੇੜਾ, ਖੁਸ਼ਬੂ ਖਿਲਾਰ,
ਕਿ ਸੁੱਕਾ ਮੁਰਝਾਇਆ ਸੰਸਾਰ ਤੇਰੇ ਸਦਕਾ ਟਹਿਕੇ,
ਟੁੱਕਰ ਦੀ ਬੁਰਕੀ ਲਈ ਮਰਦ ਦੀ ਮੁਥਾਜੀ ਛੱਡ,
ਕਿ ਮਰਦ ਤੀਵੀਂ ਦੋਵੇਂ ਜੀਵਣ
ਸੰਸਾਰ ਦਾ ਜੀਵਨ ਤੇਰੇ ਅੰਦਰ ਹੈ,
ਕਾਇਣਾਤ ਤੇਰੇ ਸੀਨੇ।
ਹਨੇਰੀ ਆ ਰਹੀ ਹੈ, ਭੁਚਾਲ ਆ ਰਿਹਾ ਹੈ!
ਉਠ! ਮਤੇ ਮੁਰਦਾ ਮਰਦ ਤੈਨੂੰ ਭੀ ਨਾਲ ਲੈ ਮਰੇ,
ਉਠ! ਚਿਰ ਪਿਆ ਹੁੰਦਾ, ਵੇਲਾ ਲੰਘਦਾ ਜਾਂਦਾ।
੧੨੮