ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮਾਂ ਪੈ ਗਈਆਂ

ਸੂਰਜ ਡੁਬ ਰਿਹਾ, ਸ਼ਾਮਾਂ ਪੈ ਰਹੀਆਂ,
ਘਟਦਾ ਜਾਂਦਾ ਚਾਨਣ, ਵਧਦਾ ਜਾਂਦਾ ਹਨੇਰਾ,
ਟਿਕਾਣਿਆਂ ਵਾਲੇ ਚਲੇ ਗਏ, ਆਪਣੀ ਟਿਕਾਣੀਂ,
ਘਰਾਂ ਵਾਲੇ ਆਪਣੀ ਘਰੀਂ-ਜਿਨ੍ਹਾਂ ਦੇ ਘਰ ਹੈਸਨ,
ਮੇਰੀ ਮਜਲ ਨਹੀਂ ਮੁੱਕੀ, ਨਾ ਟਿਕਾਣਾ ਮਿਲਿਆ ਮੈਨੂੰ,
ਸ਼ਾਮਾਂ ਪੈ ਰਹੀਆਂ ਅਧਵਾਟੇ,
ਪੈਂਡਾ ਮੇਰਾ ਅਟਕ ਗਿਆ, ਡੋਬੂ ਇਸ ਨਦੀ ਦੇ ਕੰਢੇ।

ਤਾਰੂ ਨਦੀ ਸ਼ੂਕਦੀ, ਵੰਞੀਂ ਹਾਥ ਨਾ ਇਸ ਦੀ।
ਸ਼ਾਮਾਂ ਪੈ ਗਈਆਂ,
ਰਤਾ ਰਤਾ ਲੇਅ ਅਜੇ ਹੈ,
ਪਰ ਜਿੱਥੇ ਸੂਰਜ ਦੇ ਇਸ ਚਾਨਣੇ ਕੁਝ ਨਾ ਸਾਰਿਆ,
ਸ਼ਾਮਾਂ ਦੀ ਇਹ ਮਿਟਦੀ ਲੇਅ ਕਿਸ ਕੰਮ?

ਪੁਲ ਕੋਈ ਨਹੀਂ, ਨਾ ਬੇੜੀ, ਨਾ ਮਾਂਝੀ,
ਮੈਂ ਅਨ-ਤਾਰੂ ਖਲੀ ਇਸ ਕੰਢੇ, ਅਨਜਾਣ ਇਕੱਲੀ,
ਟਿਕਾਣਾ ਮੇਰਾ ਦੱਸੀਦਾ ਓਸ ਕੰਢੇ, ਪੱਕਾ ਥਹੁ ਨਾ ਜਿਸ ਦਾ।
ਰਾਹ ਮੇਰਾ ਆਣ ਰੁਕਿਆ, ਅਸਗਾਹ ਅਲੰਘ ਨਦੀ ਦੇ ਇਸ ਕੰਢੇ,
ਕੋਈ ਹੈ ਬੇੜੀ ਵਾਲਾ?

੧੩੫