ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/16

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਯੋਗ ਮੈਂ ਸਾਧੇ, ਚਿੱਲੇ ਮੈਂ ਕੱਟੇ,
ਜਾਗੇ ਮੈਂ ਜਾਗੇ, ਵਰਤ ਮੈਂ ਰੱਖੇ,
ਪੁਰਿਆ ਨਾ ਮਕਸਦ ਮੇਰਾ, ਮਿਲਿਆ ਨਾ ਕੁਝ ਮੈਨੂੰ,
ਖਾਹਸ਼ਾਂ ਮੈਂ ਰੌਂਦੀਆਂ, ਮਨ ਮੈਂ ਮਾਰਿਆ,
ਨੇਕੀਆਂ ਮੈਂ ਕੀਤੀਆਂ, ਪਵਿੱਤ੍ਰਤਾ ਮੈਂ ਰੱਖੀ,
ਸੌਖਾ ਨਾ ਹੋਇਆ ਪੰਧ ਮੇਰਾ, ਨਾ ਨੇੜੇ ਹੋਈ ਮਜਲ ਮੇਰੀ।

ਪਿਆਰ ਮੈਂ ਪਾਏ, ਨਸ਼ੇ ਮੈਂ ਪੀਤੇ,
ਮਸਤ ਮੈਂ ਹੋਇਆ, ਭਗਤੀ ਦੇ ਮਦ ਨਾਲ,
ਦਰਸ਼ਨ ਮੈਨੂੰ ਹੋਏ ਮੰਦਰਾਂ ਦੇ ਰੱਬ ਦੇ,
ਮੱਦਦ ਮੈਨੂੰ ਨਾ ਮਿਲੀ, ਜ਼ਖਮ ਮੇਰੇ ਨਾ ਭਰੇ, ਹਾਏ!
ਚਾਨਣ ਮੈਂ ਵੇਖੇ ਮੰਦਰਾਂ ਦੀ ਰੌਸ਼ਨੀ ਦੇ,
ਰਿਹਾ ਸਦਾ ਹਨੇਰਾ ਮੇਰੇ ਅੰਦਰ, ਦਿਸਿਆ ਨਾ ਮੈਨੂੰ ਕਦੀ ਕੁਝ ਠੀਕ,
ਉਹੋ ਮੇਰਾ ਰਾਹ, ਉਹੋ ਮੈਂ ਥੱਕਿਆ ਟੁਟਿਆ ਪਾਂਧੀ,
ਉਹੋ ਮਜਲ ਮੇਰੀ ਅਪੁਜ, ਉਹੋ ਬੀਆਬਾਨ ਆਲੇ ਦੁਆਲੇ।

ਰਾਜਿਆਂ ਦੇ ਘਰ ਜੰਮਿਆ, ਰਾਜਾ ਮੈਂ ਹੋਇਆ,
ਰਾਜ ਮੈਂ ਕੀਤੇ ਧਰਤਾਂ ਤੇ ਸਾਗਰਾਂ ਤੇ,
ਮੁਲਕ ਮੈਂ ਮੱਲੇ, ਧੋਖੇ ਨਾਲ ਜ਼ੋਰ ਨਾਲ,
ਮਰਿਆ ਉਹ ਅੜਿਆ ਜੋ ਮੇਰੇ ਅੱਗੇ, ਮੇਰੀ ਸ਼ਾਨ ਅੱਗੇ,
ਚਲੇ ਹੁਕਮ ਸਭ ਮੇਰੇ, ਹੋਇਆ ਉਹ ਜੋ ਮੈਂ ਆਖਿਆ,
ਮੰਗਿਆ ਜੋ ਮਿਲਿਆ ਸੋ, ਧਰਤੀ ਅਕਾਸ਼ ਤੋਂ,

੧੧