ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰਾਂ ਤੇ ਸੁੰਦਰ ਮਿਲੇ, ਸੁੰਦ੍ਰਤਾ ਜਵਾਨੀ ਮਿਲੀ,
ਨਕਰ ਤੇ ਗੁਲਾਮ ਸਾਰੇ, ਹੁੰਦੀਆਂ ਸਲਾਮਾਂ ਸਦਾ,
ਸਭਸ ਉੱਤੇ ਹੁਕਮ ਮੇਰਾ, ਮੇਰੇ ਤੇ ਨਾ ਹੁਕਮ ਕੋਈ,
ਰੰਗ ਰਾਜ ਸਭ ਕੀਤੇ, ਭੁੱਖ ਨਾ ਰਹੀ ਰਤਾ,
ਪੰਧ ਮੇਰਾ ਕਟਿਆ ਨਾ, ਉਹੋ ਪੰਧ ਉਹੋ ਮੈਂ,
ਉਹੋ ਬੀਆਬਾਨ ਸਾਰੇ, ਉਹੋ ਢਾਠ ਮੇਰੇ ਅੰਦਰ।

ਫਕੀਰ ਭੀ ਹੋ ਡਿਠਾ, ਮੰਗਤਾ ਭੀ,
ਘਰ ਘਰ ਠੂਠਾ ਫੜ ਫਿਰਿਆ ਮੈਂ ਮੰਗਤਾ,
ਚੀਥੜੇ ਗਲ, ਸਿਰ ਨੰਗਾ, ਪੈਰ ਪਾਟੇ,
ਭੁੱਖਾ, ਪਿਆਸਾ ਮਾਂ ਬਿਨ, ਪੇਅ ਬਿਨ,
ਇਕ ਕਿੱਕਰ ਦਾ ਡੰਡਾ ਮੇਰੇ ਹਬ, ਸਾਥੀ ਮੇਰਾ,
ਫਿਰਿਆ ਮੈਂ ਫਿਟਕਾਂ ਲੈਂਦਾ, ਝਿੜਕਾਂ ਸਹਿੰਦਾ,
ਪੱਥਰ ਦਿਲ ਇਸ ਦੁਨੀਆਂ ਦੀਆਂ ਗਲੀਆਂ ਵਿਚ,
ਕਿਤੋਂ ਖੈਰ ਨਾ ਪਈ, ਨਾ ਠਾਹਰ ਮਿਲੀ ਕਿਤੇ,
ਇੱਟੇ ਵੱਜੇ ਮੈਨੂੰ ਪਿੰਡਾਂ ਦਿਆਂ ਮੁੰਡਿਆਂ ਕੋਲੋਂ,
ਕੁਤੇ ਪੈ ਪਿਛੇ ਕੱਢ ਆਏ ਪਿੰਡੋਂ ਬਾਹਰ,
ਇਉਂ ਫਿਰਿਆ ਬੇ-ਦਰ, ਬੇ-ਘਰ ਮੈਂ ਕਈ ਉਮਰਾਂ,
ਪਰ ਪੰਧ ਰਿਹਾ ਉਹੋ ਮੇਰਾ, ਉਹੋ ਮੈਂ ਰਾਹੀ,
ਉਹੋ ਮੇਰਾ ਅਮੁਕ ਪੈਂਡਾ, ਉਹੋ ਮੇਰੀ ਅਦਿੱਸ ਮਜਲ,
ਲਖ ਉਪਰਾਲੇ ਮੈਂ ਕੀਤੇ, ਸਾਰੇ ਚਾਰੇ ਲਾਏ,
ਪਰ ਪਿਆ ਨਾ ਕੁਝ ਪੱਲੇ, ਖਾਲੀ ਹੱਥ ਰਿਹਾ ਸਦਾ,

੧੨