ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਿਥੇ ਹੈ ਉਹ ਚਾਨਣ ਜਿਸ ਨਾਲ ਸਭ ਕੁਝ ਦਿੱਸਦਾ?
ਕਿੱੱਥੇ ਹੈ ਉਹ ਸੱਚ ਜਿਸ ਦੀ ਫਤਹ ਅਸੱਚ ਤੇ ਸਦਾ ਹੁੰਦੀ?
ਕਿਥੇ ਹੈ ਉਹ ਦਾਰੂ ਕਿ ਸਭ ਦਰਦਾਂ ਦੀ ਦਵਾ ਹੋਵੇ?
ਕਿਥੇ ਹੈ ਉਹ ਅਨੰਦੀ ਸੰਤੋਖ ਕਿ ਦੁਖੀਆਂ ਨੂੰ ਸਦਾ ਅਨੰਦ ਦੇਂਦਾ?
ਕਿਥੇ ਹੈ ਉਹ ਰਹਿਮਤ ਕਿ ਪੀੜਤ ਖਲਕਤ ਤੇ ਰਹਿਮ ਖਾਂਦੀ?

ਮੈਂ ਥਕ ਗਿਆ ਹਾਂ ਅਨੰਤ ਪੈਂਡੇ ਮਾਰ ਮਾਰ,
ਮੈਂ ਹੁਟ ਰਿਹਾ ਹਾਂ, ਸਦੀਆਂ ਦੀ ਥਕਾਵਟ ਨਾਲ,
ਮੈਂ ਪਿਸ ਗਿਆ ਹਾਂ ਮਿਹਨਤਾਂ ਦੀ ਚੱਕੀ ਵਿੱਚ,
ਮੇਰੇ ਪੈਰ ਲੜਖੜਾਂਦੇ ਨੇ ਪਏ, ਧੂਇਆ ਨਹੀਂ ਜਾਂਦਾ ਮੇਰੇ ਕੋਲੋਂ
ਮੇਰਾ ਆਪਾ।
ਮੇਰੀਆਂ ਅੱਖੀਆਂ ਹੋਈਆਂ ਅੰਨ੍ਹੀਆਂ ਨਿਤ ਤਕਦੀਆਂ ਤਕਦੀਆਂ,
ਮੈਂ ਹੁਣ ਭੁਗੜੀ ਹੋਇਆ, ਮਰਨ ਕਿਨਾਰੇ,
ਮੌਤ ਨਾ ਆਵੰਦੀ,
ਪਿਠ ਕੁੱਬੀ ਹੋ ਗਈ ਸਫਰਾਂ ਪੀੜਾਂ ਦੀ ਮਾਰੀ,
ਡਰ ਪਿਆ ਲਗਦਾ ਮੈਨੂੰ ਮੇਰੇ ਕੋਲੋਂ,
ਬੇ ਪਰਵਾਹ ਹੋਇਆ ਮੈਂ, ਪੂਰਨ ਹੋਈ ਬੇ-ਪਰਵਾਹੀ,
ਆਸ ਨਾ ਰਹੀ ਕੋਈ, ਨਾ ਪਛਤਾਵਾ,
ਜੋਸ਼ ਮੁੱਕਿਆ ਮੇਰਾ, ਹਿੰਮਤ ਹਾਰੀ ਮੈਂ,
ਟੁਰਨ ਦੀ ਲੋੜ ਨਾ ਰਹੀ, ਨਾ ਪੁੱਜਣ ਦੀ ਚਿੰਤਾ,
ਖਾਹਸ਼ ਚੁੱਕੀ, ਚਿੰਤਾ ਮੁੱਕੀ,
ਸ਼ਰਮ ਦਾ ਅਹਿਸਾਨ ਉਠਿਆ, ਸ਼ਾਨ ਦੇ ਹਿਸ ਹੁੱਟੀ,

੧੩