ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਡਰ ਲੱਬਾ ਮੇਰਾ- ਰਬ ਦਾ, ਰੂਹ ਦਾ, ਮੌਤ ਦਾ, ਬੰਦੇ ਦਾ,
ਦੁਖ, ਦਰਦ, ਪੀੜ, ਰਹੀ ਨਾ ਰਤਾ,
ਧੁਪ ਨਾ ਸਾੜਦੀ ਮੈਨੂੰ ਨਾ ਸੀਤ ਮਾਰਦਾ,
ਗ਼ਮ, ਫ਼ਿਕਰ, ਤਰੱਦਦ ਉਠ ਗਏ ਹਮੇਸ਼ ਨਈ,
ਅਕਲ, ਸੋਚ ਛੱਡੀ ਮੈਂ ਸਦਾ ਲਈ,
ਜ਼ਿੰਦਗੀ ਤੇ ਮੌਤ ਤੋਂ ਬੇ-ਪਰਵਾਹ ਹੋਇਆ ਮੈਂ,
ਲਾਉਬਾਲਾ-
ਪਰ ਅੰਦਰ ਮੇਰੇ ਤਦ ਭੀ ਰਹੀ ਇਕ ਸੁੰਵ,
ਢੂੰਡ ਰਹੀ ਸਦਾ ਧੁਰ ਮੇਰੇ ਅੰਦਰ ਤਦ ਵੀ,
ਰੋਣਾ ਛੱਡਿਆ ਭਾਵੇਂ, ਰੋਂਦਾ ਰਹਾ ਸਦਾ ਮੈਂ,
ਟੁਰਨਾ ਛੱਡਿਆ ਭਾਵੇਂ, ਪਰ ਟੁਰਦਾ ਰਿਹਾ ਤਦ ਭੀ।
ਫਿਰ ਉਹ ਸਦ-ਰਹਿਣਾ ਅਨੰਦ ਕੋਈ ਚੀਜ਼ ਹੈ?
ਉਹ ਸਦ-ਰਹਿਣੀ ਹਕੀਕਤ ਕੋਈ ਸ਼ੈ ਹੈ?
ਉਹ ਅਬੁਝ ਚਾਨਣ ਸਚ ਮੁਚ ਕਿਧਰੇ ਹੈ?
ਉਹ ਅਨੰਦੀ ਸ਼ਾਂਤੀ ਕੀ ਕੋਈ ਸੱਚ ਹੈ?
ਜੇ ਨਹੀਂ,
ਤਾਂ ਮੇਰੇ ਅੰਦਰ ਇਹ ਅਜ਼ਲੀ ਸੁੰਞ ਕੇਹੀ ਹੈ?
ਇਹ ਅਸੂਝ, ਅਬੁੱਝ ਤਲਾਸ਼ ਕੇਹੀ ਹੈ?
ਜੇ ਹੈ,
ਤਾਂ ਕਿਸੇ ਨੂੰ ਮਿਲੀ ਹੈ?
ਮੈਨੂੰ ਮਿਲੇਗੀ?
੧੪