ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਜੀਵਨ-ਮੇਲਾ
(੧)
ਉਹ ਤੇ ਮੈਂ ਮਿਲੇ ਸਾਂ, ਇਕ ਸਰਾਂ ਟਿਕਾਣੇ,
ਚੰਗੇ ਲਗੇ ਇਕ ਦੂਜੇ ਨੂੰ, ਖਿਚੀਂਦੇ ਗਏ ਆ-ਮੁਹਾਰੇ,
ਮਿਲੇ ਪਸੰਦੀਦਗੀ ਵਿਚ, ਖਿੱਚ ਦੇ ਸਆਦ ਵਿਚ, ਸਵਾਦ ਦੀ
ਮਸਤੀ ਵਿਚ,
ਮਿਲੇ ਰਹੇ ਇਕ ਨਿੱਘ ਵਿਚ, ਜਿਨਾਂ ਚਿਰ ਅੱਗ ਸੀ, ਅੱਗ
ਦਾ ਸੇਕ ਸੀ,
ਬੈਠੇ ਰਹੇ ਮਿਲਵੀਂ ਠੰਡੀ ਛਾਵੇਂ, ਜਿਨਾਂ ਚਿਰ ਦੁਪਹਿਰ ਸੀ, ਦੁਪਹਿਰ
ਦੀ ਧੁੱਪ ਸੀ-
ਫਿਰ ਟੁਰੇ ਆਪਣੇ ਆਪਣੇ ਰਾਹ, ਵਿਛੋੜੇ ਦੀ ਉਦਾਸੀ, ਮੁਸਕ੍ਰਾਹਟ ਨਾਲ,
ਜਦ ਦੁਪਹਿਰ ਢਲ ਗਈ, ਅੱਗ ਬੁਝ ਗਈ।
ਨਾ ਵਿਛੋੜੇ ਦਾ ਸੱਲ, ਨਾ ਬਿਰਹੋਂ ਦੀ ਧੁਖਧੁਖੀ।
ਰਹਿ ਗਈ ਇਕ ਯਾਦ ਸਵਾਦਲੀ, ਬਿਨਾਂ ਲਗਨ,
ਇਕ ਸਵਾਦ ਮਿਠਾਸਲਾ, ਬਿਨਾਂ ਭਾਰ।
ਇਉਂ ਮਿਲੇ ਸਾਂ ਅਸੀਂ ਸਰਾਂ ਟਿਕਾਣੇ ਇਕ ਸਵਾਦ ਵਿਚ,
ਇਉਂ ਵਿਛੜੇ ਸਾਂ ਅਸੀਂ ਬੇ-ਵੱਸ, ਬਿਨਾਂ ਸੱਲ।
ਜ਼ਿੰਦਗੀ ਕਿਹਾ ਤੇਜ਼ ਹੜ੍ਹ ਹੈ!
੧੭